
ਲੋੜਵੰਦ ਧੀਆਂ ਦੇ ਵਿਆਹ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ: ਪਰਮਜੀਤ ਕਾਹਲੋਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨਾ ਸਭ ਤੋੱ ਵੱਡਾ ਪੁੰਨ ਹੈ, ਇਸ ਲਈ ਲੋੜਵੰਦ ਲੜਕੀਆਂ ਦੇ ਵਿਆਹਾਂ ਮੌਕੇ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆਂ ਕੀਤਾ। ਸ੍ਰੀ ਕਾਹਲੋਂ ਮੁਹਾਲੀ ਵਿਖੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਧਨੋਆ ਨੂੰ ਸਨਮਾਨਿਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ।
ਉਹਨਾਂ ਕਿਹਾ ਕਿ ਲੋਕਾਂ ਨੂੰ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਅੱਜ ਲੜਕੀਆਂ ਹਰ ਖੇਤਰ ਵਿਚ ਹੀ ਤਰੱਕੀ ਕਰ ਰਹੀਆਂ ਹਨ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਣ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਕਈ ਦੇਸ਼ਾਂ ਵਿੱਚ ਤਾਂ ਮਹਿਲਾਵਾਂ ਹੀ ਪ੍ਰਧਾਨ ਮੰਤਰੀ ਤੇ ਹੋਰ ਉਚ ਅਹੁਦਿਆਂ ਉਪਰ ਬਿਰਾਜਮਾਨ ਹਨ। ਇਹਨਾਂ ਧੀਆਂ ਭੈਣਾਂ ’ਚੋਂ ਹੀ ਕਲ ਨੂੰ ਕਿਸੇ ਨੇ ਕੋਈ ਵੱਡੀ ਅਫਸਰ ਬਣ ਜਾਣਾ ਹੁੰਦਾ ਹੈ ਅਤੇ ਕਿਸੇ ਨੇ ਕਿਸੇ ਹੋਰ ਖੇਤਰ ਵਿੱਚ ਤਰੱਕੀ ਕਰਨੀ ਹੁੰਦੀ ਹੈ। ਉਹਨਾਂ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਇਸ ਲਈ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣੇ ਚੰਗੀ ਗੱਲ ਹੈ।
ਇਸ ਮੌਕੇ ਸ੍ਰ. ਗੁਰਪ੍ਰੀਤ ਸਿੰਘ ਧਨੋਆ ਨੇ ਦੱਸਿਆ ਕਿ ਰਾਜਵੀਰ ਸਿੰਘ ਰਾਜੀ, ਅਜੀਤ ਸਿੰਘ ਦੇਸੂਮਾਜਰਾ, ਡਾ. ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਗੁਰਤੇਜ ਸਿੰਘ ਤੇਜ਼ੀ ਅਤੇ ਹੋਰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਘੜੂੰਆਂ ਵਿਖੇ 21 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 25 ਮਾਰਚ ਨੂੰ ਕਰਵਾਏ ਜਾ ਰਹੇ ਹਨ। ਇਸ ਮੌਕੇ ਪੰਥ ਦੀਆਂ ਕਈ ਮਹਾਨ ਹਸਤੀਆਂ ਵੀ ਵਿਸ਼ੇਸ ਤੌਰ ਤੇ ਪੁੱਜਣਗੀਆਂ। ਇਸ ਮੌਕੇ ਬਿੱਕੀ ਖੈਰਪੁਰ, ਸੁਖਰਾਜ ਘੜੂੰਆਂ, ਨਵੀ ਘੜੂੰਆਂ, ਹਰਪ੍ਰੀਤ ਘੰੜੂਆਂ, ਜੋਤੀ ਘੜੂੰਆਂ, ਰੋਬਿਨ ਘੜੂੰਆਂ ਵੀ ਮੌਜੂਦ ਸਨ।