
ਸ੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਵਸ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਸ੍ਰੀ ਗੁਰੂ ਰਵੀਦਾਸ ਨੌਜਵਾਨ ਸਭਾ ਫੇਜ਼-7 ਵੱਲੋਂ ਰਵੀਦਾਸ ਭਵਨ ਵਿਖੇ ਸ਼੍ਰੋਮਣੀ ਭਗਤ ਰਵੀਦਾਸ ਜੀ ਦਾ ਜਨਮ ਦਿਵਸ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਗੁਰਮਤਿ ਸਮਾਗਮ ਦੌਰਾਨ ਵੱਖ ਵੱਖ ਰਾਗੀ ਜਥਿਆਂ ਨੇ ਭਗਤ ਰਵੀਦਾਸ ਜੀ ਦੀ ਬਾਣੀ ਦਾ ਗਾਇਨ ਕੀਤਾ ਗਿਆ। ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਵਿਸ਼ੇਸ ਤੌਰ ਤੇ ਹਾਜਰੀ ਭਰੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪਿੰਡ ਚੂਹੜਮਾਜਰਾ ਵਿੱਚ ਗੁਰੂ ਰਵੀਦਾਸ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਨੂੰ ਗ਼ਰੀਬ ਲੋਕਾਂ ਦੇ ਹੱਕਾਂ ਲਈ ਕਾਨੂੰਨੀ ਚਾਰਾਜੋਈ ਕਰਨ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਪਿੰਡ ਕੁੰਭੜਾ ਵਿੱਚ ਗੁਰੂ ਰਵੀਦਾਸ ਕਮੇਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਦਾ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਸ੍ਰੀ ਰਵੀਦਾਸ ਭਗਤ ਕੁੰਭੜਾ ਵਿੱਚ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਦੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਤੇ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪੂਰਾ ਦਿਨ ਖੀਰ ਤੇ ਪੂੜਿਆਂ ਦਾ ਅਤੁੱਟ ਲੰਗਰ ਵਰਤਿਆ।
ਇਸੇ ਤਰ੍ਹਾਂ ਗਰਾਮ ਸਭਾ ਕੰਬਾਲਾ ਅਤੇ ਧੰਨ-ਧੰਨ ਸ੍ਰੀ ਗੁਰੂ ਰਵੀਦਾਸ ਜੀ ਸੁਸਾਇਟੀ ਪਿੰਡ ਕੰਬਾਲਾ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਅਮਰੀਕ ਸਿੰਘ ਪੰਚ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗਿਆਨੀ ਸੁਰਜੀਤ ਸਿੰਘ ਨੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੀ ਹਾਜ਼ਰੀ ਭਰੀ। ਇਸੇ ਤਰ੍ਹਾਂ ਇਤਿਹਾਸਕ ਨਗਰ ਦਾਊਂ, ਤੰਗੋਰੀ, ਬਲੌਂਗੀ, ਜੁਝਾਰ ਨਗਰ, ਜਗਤਪੁਰਾ, ਝਿਊਰਹੇੜੀ, ਮੌਲੀ ਬੈਦਵਾਨ, ਲਾਂਡਰਾਂ ਅਤੇ ਚੱਪੜਚਿੜੀ ਵਿੱਚ ਭਗਤ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।