
ਸਹੂਲਤਾਂ ਦਾ ਕੌੜਾ ਸੱਚ: ਕਿੱਚੜ ’ਚੋਂ ਲੰਘ ਕੇ ਜਾਣਾ ਪੈਂਦਾ ਹੈ ‘ਸੁਵਿਧਾ ਸੈਂਟਰ’
ਡਿਪਟੀ ਮੇਅਰ ਨੇ ਸੁਵਿਧਾ ਕੇਂਦਰ ਤੱਕ ਪੱਕਾ ਰਸਤਾ ਬਣਾਉਣ ਲਈ ਡੀਸੀ ਨੂੰ ਲਿਖਿਆ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਮੁਹਾਲੀ ਦੇ ਸੁਵਿਧਾ ਕੇਂਦਰਾਂ ਵਿੱਚ ਸਹੂਲਤਾਂ ਘੱਟ ਖੱਜਲ-ਖੁਆਰੀ ਅਤੇ ਸਮੱਸਿਆਵਾਂ ਕਿਤੇ ਵੱਧ ਹਨ। ਅਜਿਹਾ ਇੱਕ ਤਾਜ਼ਾ ਮਾਮਲਾ ਮੁਹਾਲੀ ਦੇ ਫੇਜ਼-3ਬੀ1 ਵਿੱਚ ਸਾਹਮਣੇ ਆਇਆ ਹੈ। ਜਿੱਥੇ ਸੁਵਿਧਾ ਸੈਂਟਰ ਵਿੱਚ ਜਾਣ ਲਈ ਲੋਕਾਂ ਨੂੰ ਕਿੱਚੜ ’ਚੋਂ ਲੰਘਣਾ ਪੈਂਦਾ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਮੀਡੀਆ ਟੀਮ ਨੂੰ ਆਪਣੇ ਨਾਲ ਲਿਜਾ ਕੇ ਮੌਜੂਦਾ ਹਾਲਾਤਾਂ ਅਤੇ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ। ਬੇਦੀ ਨੇ ਕਿਹਾ ਕਿ ਸੁਵਿਧਾ ਕੇਂਦਰ ਨੂੰ ਜਾਣ ਵਾਲਾ ਰਸਤਾ ਕੱਚਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੱਚੇ ਰਸਤੇ ਦੇ ਖੱਡਿਆਂ ਵਿੱਚ ਮੀਂਹ ਦਾ ਗੰਦਾ ਪਾਣੀ ਖੜਾ ਹੈ ਅਤੇ ਆਲੇ-ਦੁਆਲੇ ਵੱਡੀ ਮਾਤਰਾ ਵਿੱਚ ਜੰਗਲੀ ਬੂਟੀ ਉੱਗੀ ਹੋਈ ਹੈ ਅਤੇ ਮਿੱਟੀ ਦੇ ਢੇਰ ਲੱਗੇ ਹੋਏ ਹਨ। ਜਿਸ ਕਾਰਨ ਇਹ ਸੁਵਿਧਾ ਦੀ ਥਾਂ ’ਤੇ ਅਸੁਵਿਧਾ ਪੈਦਾ ਕਰ ਰਿਹਾ ਹੈ।
ਡਿਪਟੀ ਮੇਅਰ ਨੇ ਡੀਸੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਕੱਚੇ ਰਸਤੇ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲੀਆਂ ਸਨ ਕਿ ਸੁਵਿਧਾ ਕੇਂਦਰ ਨੂੰ ਜਾਣ ਵਾਲਾ ਰਸਤਾ ਬੁਰੀ ਤਰ੍ਹਾਂ ਖ਼ਰਾਬ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਕੱਚੇ ਰਸਤੇ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਕੇਂਦਰ ਵਿੱਚ 250 ਤੋਂ ਵੱਧ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਰੋਜ਼ਾਨਾ ਲੋਕ ਆਪਣੇ ਕੰਮਾਂ ਲਈ ਆਉਂਦੇ ਹਨ। ਬਜ਼ੁਰਗ ਅਤੇ ਅੌਰਤਾਂ ਜੋ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਹਨ, ਉਹ ਬਹੁਤ ਪ੍ਰੇਸ਼ਾਨ ਹਨ।
ਬੇਦੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੱਚਾ ਰਸਤਾ ਬਾਉਂਡਰੀ ਦੇ ਅੰਦਰ ਹੋਣ ਕਰਕੇ ਇੱਥੇ ਨਗਰ ਨਿਗਮ ਵੱਲੋਂ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਹੈ। ਕਿਉਂਕਿ ਪਹਿਲਾਂ ਮਿਉਂਸਪਲ ਐਕਟ ਦੀ ਧਾਰਾ 82/3 ਤਹਿਤ ਨਗਰ ਨਿਗਮ ਵੱਲੋਂ ਸੁਸਾਇਟੀਆਂ ਅੰਦਰ ਵਿਕਾਸ ਕੰਮ ਕਰਵਾਏ ਗਏ ਸਨ ਪਰ ਬਾਅਦ ਵਿੱਚ ਸਰਕਾਰ ਨੇ ਰੋਕ ਲਗਾ ਦਿੱਤੀ। ਕੱਚਾ ਲਾਂਘਾ ਹੋਣ ਕਰਕੇ ਸਟਾਫ਼ ਨੂੰ ਦਿੱਕਤ ਆਉਂਦੀ ਹੈ ਪਰ ਸਰਕਾਰ ਧਿਆਨ ਨਹੀਂ ਰਹੀ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਇੱਥੇ ਪਿਛਲੀ ਸਰਕਾਰ ਵੱਲੋਂ ਸਿਵਲ ਡਿਸਪੈਂਸਰੀ ਨੂੰ ਅਪਗਰੇਡ ਕਰਕੇ 30 ਬੈੱਡ ਦਾ ਆਲੀਸ਼ਾਨ ਹਸਪਤਾਲ ਬਣਾਇਆ ਗਿਆ ਸੀ, ਜਿਸ ਨੂੰ ਪੰਜਾਬ ਦੀ ਆਪ ਸਰਕਾਰ ਨੇ ਜਿਗਰ ਦੀਆਂ ਬੀਮਾਰੀਆਂ ਸਬੰਧੀ ਲਿਵਰ ਅਤੇ ਬਾਈਲਰੀ ਇੰਸਟੀਚਿਊਟ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਪਰ ਨਾ ਤਾਂ ਇੱਥੇ ਲੀਵਰ ਇੰਸਟੀਟਿਊਟ ਹੀ ਚੱਲ ਸਕਿਆ ਅਤੇ ਨਾ ਹੀ ਡਿਸਪੈਂਸਰੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਲੋਕਹਿੱਤ ਵਿੱਚ ਇਨਸਾਫ਼ ਪ੍ਰਾਪਤੀ ਲਈ ਉੱਚਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ।