
ਪੰਜਾਬ ਦੀਆਂ ਲਹੂ ਪੀਣੀਆਂ ਸੜਕਾਂ ਹਰੇਕ ਸਾਲ ਲੈਂਦੀਆਂ ਨੇ 4500 ਤੋਂ ਵੱਧ ਕੀਮਤੀ ਜਾਨਾਂ
ਮੁਹਾਲੀ ਤੋਂ ‘ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ ਤਹਿਤ 7ਵੇਂ ਯੂਐਨ ਗਲੋਬਲ ਸੜਕ ਸੁਰੱਖਿਆ ਹਫ਼ਤਾ ਸ਼ੁਰੂ
ਹਫ਼ਤੇ ਦੌਰਾਨ ਸੜਕ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ: ਭੁੱਲਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਤੋਂ ‘ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ ਮੁਹਿੰਮ’ ਤਹਿਤ 7ਵੇਂ ਯੂਐਨ ਗਲੋਬਲ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਹਫ਼ਤਾ ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕ ਸੁਰੱਖਿਆ ਬਾਬਤ ਜਾਗਰੂਕਤਾ ਪੈਦਾ ਕਰਕੇ ਸੜਕ ਹਾਦਸਿਆਂ ਅਤੇ ਮੌਤ ਦਰ ਨੂੰ ਘਟਾਇਆ ਜਾ ਸਕੇ।
ਭੁੱਲਰ ਨੇ ਦੱਸਿਆ ਕਿ ਪੰਜਾਬ ਵਿੱਚ ਹਰੇਕ ਸਾਲ 4500 ਤੋਂ ਵੱਧ ਕੀਮਤੀ ਜਾਨਾਂ ਸੜਕ ਹਾਦਸਿਆਂ ਵਿੱਚ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ 15 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਦੇ ਵਿਅਕਤੀ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਮੁਹਾਲੀ ਤੋਂ ਕੀਤੀ ਗਈ ਹੈ, ਇਸ ਦੌਰਾਨ ਸੂਬੇ ਭਰ ਵਿੱਚ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੀ ਹੈ। ਹੁਣ ਲਰਨਰ ਲਾਇਸੈਂਸ ਮੋਬਾਈਲ ਫੋਨ ਰਾਹੀਂ ਵੀ ਬਣਾਇਆ ਜਾ ਸਕਦਾ ਹੈ। ਪਹਿਲਾਂ ਹੈਵੀ ਲਾਇਸੈਂਸ ਲਈ ਟੈੱਸਟ ਦੇਣ ਲਈ ਪੰਜਾਬ ਵਿੱਚ ਕੇਵਲ ਦੋ ਸੈਂਟਰ ਸਨ ਅਤੇ ਬੀਤੇ ਦਿਨੀਂ ਰੂਪਨਗਰ ਵਿੱਚ ਅਜਿਹਾ ਸੈਂਟਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 50 ਕਿੱਲੋਮੀਟਰ ਦੇ ਘੇਰੇ ਵਿੱਚ ਅਜਿਹੇ ਸੈਂਟਰ ਖੋਲ੍ਹੇ ਜਾਣਗੇ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਫ਼ਰਿਸ਼ਤੇ ਸਕੀਮ’ ਸ਼ੁਰੂ ਕੀਤੀ ਹੈ। ਜਿਸ ਤਹਿਤ ਸੜਕ ਹਾਦਸੇ ਦੇ ਜ਼ਖ਼ਮੀ ਨੂੰ ਹਸਪਤਾਲ ਲੈ ਕੇ ਜਾਣ ਲਈ 5 ਹਜ਼ਾਰ ਰੁਪਏ ਇਨਾਮ ਦਿੱਤਾ ਜਾਂਦਾ ਹੈ। ਨਾਲ ਹੀ ਸੁਤੰਤਰਤਾ ਅਤੇ ਗਣਤੰਤਰ ਦਿਵਸ ਮੌਕੇ ਅਜਿਹੇ ਵਿਅਕਤੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਤੇ ਪਿੰਡਾਂ ਵਿੱਚ ਸਾਰਾ ਸਾਲ ਟਰੈਫ਼ਿਕ ਜਾਗਰੂਕਤਾ ਕੈਂਪ ਲਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਮੰਤਰੀ ਨੇ ਦੱਸਿਆ ਕਿ ਲਾਵਾਰਿਸ ਪਸ਼ੂਆਂ ਕਾਰਨ ਆਵਾਜਾਈ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ ਅਤੇ ਕੌਮੀ ਮਾਰਗਾਂ ’ਤੇ ਗੈਰ ਕਾਨੂੰਨੀ ਕੱਟ ਬੰਦ ਕੀਤੇ ਜਾਣਗੇ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਬਹੁਤ ਜ਼ਰੂਰੀ ਹੈ। ਸੜਕ ਹਾਦਸੇ ਵਿੱਚ ਮੌਤ ਹੋਣਾ ਹੀ ਨੁਕਸਾਨ ਨਹੀਂ ਹੈ, ਸਰੀਰ ਦਾ ਨਕਾਰਾ ਹੋਣਾ ਵੀ ਬਹੁਤ ਖ਼ਤਰਨਾਕ ਹੈ। ਰੋਜ਼ਾਨਾ ਵੱਡੀ ਗਿਣਤੀ ਲੋਕ ਸੜਕ ਹਾਦਸਿਆਂ ਦੀ ਭੇਟ ਚੜ੍ਹਦੇ ਹਨ। ਡਾਇਰੈਕਟਰ ਜਨਰਲ ਲੀਡ ਏਜੰਸੀ ਪੰਜਾਬ ਸੜਕ ਸੁਰੱਖਿਆ ਕੌਂਸਲ ਆਰ. ਵੈਂਕਟਮ ਰਤਨਮ ਨੇ ਦੱਸਿਆ ਕਿ ਗਲੋਬਲ ਸੜਕ ਸੁਰੱਖਿਆ ਹਫ਼ਤੇ ਦਾ ਇਹ 7ਵਾਂ ਐਡੀਸ਼ਨ 21 ਮਈ ਤੱਕ ਚੱਲੇਗਾ। ਜਿਸ ਤਹਿਤ ਟਿਕਾਊ ਆਵਾਜਾਈ, ਪੈਦਲ ਚੱਲਣ, ਸਾਈਕਲ ਚਲਾਉਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਾਵੇਗਾ।
ਇਸ ਮੌਕੇ ਏਡੀਜੀਪੀ (ਟਰੈਫ਼ਿਕ) ਏਐਸ ਰਾਏ ਨੇ ਕਿਹਾ ਕਿ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਵਿੱਚ ਟਰੈਫ਼ਿਕ ਨਿਯਮ ਸਖ਼ਤ ਨਾਲ ਲਾਗੂ ਕੀਤੇ ਜਾਣਗੇ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਸੀਸੀਟੀਵੀ ਕੈਮਰੇ ਦੀ ਰਿਪੋਰਟ ’ਤੇ ਚਲਾਨ ਕੱਟ ਕੇ ਵਾਹਨ ਚਾਲਕ ਦੇ ਘਰ ਪੁੱਜਦਾ ਕੀਤਾ ਜਾਵੇਗਾ। ਜਲਦੀ ਹੀ ਮੁਹਾਲੀ ਤੋਂ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ। ਐਨਜੀਓਜ਼ ‘ਅਰਾਈਵ ਸੇਫ਼’ ਤੋਂ ਹਰਮਨ ਸਿੱਧੂ ਅਤੇ ‘ਅਵਾਇਡ ਐਕਸੀਡੈਂਟ’ ਤੋਂ ਹਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਐੱਸਐੱਸਪੀ ਸੰਦੀਪ ਗਰਗ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਮਾਨ, ਸਕੱਤਰ ਸਿੰਘ ਬੱਲ, ਐਸਡੀਐਮ ਸਰਬਜੀਤ ਕੌਰ, ਸਕੱਤਰ ਆਰਟੀਏ ਪਰਦੀਪ ਸਿੰਘ ਢਿੱਲੋਂ, ਐਮਵੀਆਈ ਰਣਪ੍ਰੀਤ ਸਿੰਘ ਭਿਉਰਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।