
ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਬੰਧੀ ਫੀਸਾਂ ਭਰਨ ਦਾ ਸ਼ਡਿਊਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਫੀਸਾਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਦਸਵੀਂ ਸ਼੍ਰੇਣੀ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ 800 ਰੁਪਏ, ਪ੍ਰਤੀ ਪ੍ਰਯੋਗੀ ਵਿਸ਼ਾ 100 ਨਿਰਧਾਰਿਤ ਕੀਤੀ ਗਈ ਹੈ। ਵਾਧੂ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਨੂੰ 350 ਰੁਪਏ ਪ੍ਰਤੀ ਵਿਸ਼ਾ ਵੀ ਭਰਨੇ ਹੋਣਗੇ।
ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ 1200 ਰੁਪਏ, ਪ੍ਰਤੀ ਪ੍ਰਯੋਗੀ ਵਿਸ਼ਾ 150 ਰੁਪਏ ਅਤੇ ਪ੍ਰਤੀ ਵਾਧੂ ਵਿਸ਼ਾ 350 ਰੁਪਏ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਪ੍ਰੀਖਿਆਰਥੀ ਪ੍ਰੀਖਿਆ ਪਾਸ ਕਰਨ ਉਪਰੰਤ ਆਪਣੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਮੰਤਵ ਲਈ 100 ਰੁਪਏ ਹੋਰ ਭਰਨੇ ਹੋਣਗੇ।
ਕੰਟਰੋਲਰ (ਪ੍ਰੀਖਿਆਵਾਂ) ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪਰੀਖਿਆਵਾਂ ਲਈ ਬਿਨਾਂ ਕਿਸੇ ਲੇਟ ਫ਼ੀਸ ਤੋਂ, ਆਫ਼-ਲਾਈਨ ਫੀਸ ਭਰਨ ਲਈ ਬੈਂਕ ਚਲਾਨ 15 ਸਤੰਬਰ ਤੋਂ 15 ਅਕਤੂਬਰ ਤੱਕ ਜੇਨਰੇਟ ਕਰਵਾਏ ਜਾ ਸਕਣਗੇ। ਇਸ ਉਪਰੰਤ ਪ੍ਰੀਖਿਆਰਥੀ ਆਫ਼-ਲਾਈਨ ਫੀਸ ਚਲਾਨ ਰਾਹੀਂ ਬੈਂਕ ਵਿੱਚ 26 ਅਕਤੂਬਰ 2022 ਤੱਕ ਜਮ੍ਹਾਂ ਕਰਵਾ ਸਕਣਗੇ। ਆਪਣੇ ਪ੍ਰੀਖਿਆ ਫਾਰਮ ਭਰਕੇ ਆਨ-ਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆ ਫੀਸ ਭਰਨ ਵਾਲੇ ਪਰੀਖਿਆਰਥੀ ਲਈ ਵੀ 26 ਅਕਤੂਬਰ ਹੀ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਹੋਵੇਗੀ। ਨਿਰਧਾਰਿਤ ਪ੍ਰੀਖਿਆ ਫੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 500 ਰੁਪਏ ਲੇਟ ਫੀਸ ਨਾਲ 16 ਅਕਤੂਬਰ ਤੋਂ 26 ਅਕਤੂਬਰ ਤੱਕ ਆਫ਼-ਲਾਈਨ ਫੀਸ ਲਈ ਬੈਂਕ ਚਲਾਨ ਜੇਨਰੇਟ ਕਰਕੇ 4 ਨਵੰਬਰ ਤੱਕ ਆਫ਼-ਲਾਈਨ ਫੀਸ ਚਲਾਨ ਰਾਹੀਂ ਬੈਂਕ ਵਿੱਚ ਜਮ੍ਹਾਂ ਕਰਵਾਈ ਜਾ ਸਕੇਗੀ।
ਪ੍ਰੀਖਿਆ ਫਾਰਮ ਭਰਕੇ ਆਨਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਫੀਸ ਭਰਨ ਦੀ ਆਖ਼ਰੀ ਮਿਤੀ 4 ਨਵੰਬਰ ਹੀ ਨਿਰਧਾਰਿਤ ਕੀਤੀ ਗਈ ਹੈ। ਨਿਰਧਾਰਿਤ ਪ੍ਰੀਖਿਆ ਫੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ 27 ਅਕਤੂਬਰ ਤੋਂ 4 ਨਵੰਬਰ ਤੱਕ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ ਜੇਨਰੇਟ ਕਰਕੇ 14 ਨਵੰਬਰ 2022 ਤੱਕ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਅਤੇ ਪ੍ਰੀਖਿਆ ਫਾਰਮ ਭਰਕੇ ਆਨ-ਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਆਖ਼ਰੀ ਮਿਤੀ 14 ਨਵੰਬਰ ਹੀ ਹੋਵੇਗੀ। ਅੰਤ ਵਿੱਚ ਪ੍ਰੀਖਿਆ ਲਈ ਨਿਰਧਾਰਿਤ ਫੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 2000 ਰੁਪਏ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ 5 ਨਵੰਬਰ ਤੋਂ 14 ਨਵੰਬਰ ਤੱਕ ਜੇਨਰੇਟ ਕਰਵਾਏ ਜਾ ਸਕਣਗੇ। ਉਪਰੰਤ 24 ਨਵੰਬਰ ਤੱਕ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿੱਚ ਜਮ੍ਹਾਂ ਕਰਵਾਈ ਜਾ ਸਕੇਗੀ। ਆਨ-ਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਵੀ 24 ਨਵੰਬਰ ਨਿਰਧਾਰਿਤ ਕੀਤੀ ਗਈ ਹੈ।
ਕੰਟਰੋਲਰ (ਪ੍ਰੀਖਿਆਵਾਂ) ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਪ੍ਰੀਖਿਆ ਫਾਰਮ ਭਰਨ ਅਤੇ ਫੀਸ ਜਮ੍ਹਾਂ ਕਰਵਾਉਣ ਸਬੰਧੀ ਹਦਾਇਤਾਂ ਸਕੂਲਾਂ ਦੀ ਲਾਗ-ਇਨ ਆਈਡੀ ਉੱਤੇ ਉਪਲਬਧ ਹੋਣਗੀਆਂ। ਪ੍ਰੀਖਿਆ ਫੀਸ ਆਫ਼ ਲਾਈਨ ਬੈਂਕ ਚਲਾਨ ਰਾਹੀਂ ਅਤੇ ਆਨਲਾਈਨ ਗੇਟ-ਵੇਅ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਹੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਆਫ਼ ਲਾਈਨ ਬੈੱਕ ਚਲਾਨ ਜੇਨਰੇਟ ਕਰਨ ਦੀ ਆਖ਼ਰੀ ਮਿਤੀ ਤੋਂ ਬਾਅਦ ਮੁੜ ਚਲਾਨ ਜੇਨਰੇਟ ਨਹੀਂ ਕੀਤਾ ਜਾ ਸਕੇਗਾ ਅਤੇ ਇਸ ਸਮੇਂ ਦੌਰਾਨ ਕੇਵਲ ਆਨਲਾਈਨ ਗੇਟ-ਵੇਅ ਰਾਹੀਂ ਹੀ ਫ਼ੀਸ ਜਮ੍ਹਾਂ ਹੋ ਸਕੇਗੀ। ਓਪਨ ਸਕੂਲ ਪ੍ਰਣਾਲੀ ਨਾਲ ਸਬੰਧਤ ਪ੍ਰੀਖਿਆ ਫਾਰਮ ਪ੍ਰੀਖਿਆ ਫ਼ੀਸ ਜਮ੍ਹਾਂ ਹੋਣ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਪੱਧਰ ’ਤੇ ਸਥਿਤ ਖੇਤਰੀ ਦਫ਼ਤਰਾਂ ਜਾਂ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ।