
ਪਿੰਡ ਧਰਮਗੜ੍ਹ ਦੇ ਲਾਪਤਾ ਨੌਜਵਾਨ ਦੀ ਭਾਖੜਾ ਨਹਿਰ ’ਚੋਂ ਮਿਲੀ ਲਾਸ਼
ਮ੍ਰਿਤਕ ਨੌਜਵਾਨ ਮਾਪਿਆਂ ਦਾ ਸੀ ਇਕਲੌਤਾ ਪੁੱਤਰ ਸੀ ਸਤਵਿੰਦਰ, ਬੀਤੀ 21 ਨਵੰਬਰ ਨੂੰ ਹੋਇਆ ਸੀ ਵਿਆਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਪਿੰਡ ਧਰਮਗੜ੍ਹ ਦੇ 26 ਸਾਲਾ ਨੌਜਵਾਨ ਸਤਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਭਾਖੜਾ ਨਹਿਰ ’ਚੋਂ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਬੀਤੀ 21 ਨਵੰਬਰ ਨੂੰ ਵਿਆਹ ਹੋਇਆ ਸੀ ਅਤੇ 24 ਨਵੰਬਰ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਸੀ। ਪਿੰਡ ਧਰਮਗੜ੍ਹ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 24 ਨਵੰਬਰ ਨੂੰ ਸਤਵਿੰਦਰ ਪਰਿਵਾਰਕ ਮੈਂਬਰਾਂ ਨੂੰ ਕੁੱਝ ਦੱਸੇ ਬਿਨਾਂ ਅਚਾਨਕ ਘਰ ਤੋਂ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਚਲਾ ਗਿਆ ਸੀ। ਜਦੋਂ ਸਤਵਿੰਦਰ ਦੇਰ ਤੱਕ ਵਾਪਸ ਘਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਮੋਬਾਈਲ ’ਤੇ ਫੋਨ ਕੀਤਾ ਤਾਂ ਅੱਗੋਂ ਉਸ (ਸਤਵਿੰਦਰ) ਦਾ ਮੋਬਾਈਲ ਰਾਜਪੁਰਾ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਸਥਿਤ ਗੰਡਿਆਂ ਖੇੜੀ ਭਾਖੜਾ ਨਹਿਰ ਦੇ ਕਿਨਾਰੇ ਬੈਠੇ ਗੋਤਾਖੋਰ ਨੇ ਚੁੱਕਿਆ ਅਤੇ ਦੱਸਿਆ ਕਿ ਮੋਟਰ ਸਾਈਕਲ ਅਤੇ ਮੋਬਾਈਲ ਨਹਿਰ ਦੇ ਕੰਢੇ ਪਿਆ ਹੈ।
ਇਸ ਜਾਣਕਾਰੀ ਮਿਲਣ ਤੋਂ ਬਾਅਦ ਘਰ ਵਿਚ ਹਾਹਾਕਾਰ ਮੱਚ ਗਈ ਅਤੇ ਉਹ ਗੰਡਿਆਂ ਖੇੜੀ ਨੇੜਿਓਂ ਲੰਘਦੀ ਭਾਖੜਾ ਨਹਿਰ ਕੋਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਸਤਵਿੰਦਰ ਦਾ ਮੋਟਰ-ਸਾਈਕਲ ਉੱਥੇ ਖੜਾ ਸੀ ਅਤੇ ਨੇੜੇ ਹੀ ਮੋਬਾਈਲ ਫੋਨ ਪਿਆ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਸਬੰਧੀ ਥਾਣਾ ਗੰਡਿਆਂ ਖੇੜੀ ਦੀ ਪੁਲੀਸ ਨੂੰ ਇਤਲਾਹ ਦਿੱਤੀ ਅਤੇ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ।
ਸਰਪੰਚ ਨੇ ਦੱਸਿਆ ਕਿ 9 ਦਿਨ ਨੌਜਵਾਨ ਦੀ ਕੋਈ ਉੱਘ-ਸੱੁਘ ਨਹੀਂ ਲੱਗੀ ਅਤੇ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਮੰਡੋਲੀ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚ ਕਿਸੇ ਨੌਜਵਾਨ ਦੀ ਲਾਸ਼ ਤੈਰ ਰਹੀ ਹੈ। ਗੋਤਾ ਖੋਰਾਂ ਨੇ ਨੌਜਵਾਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਅਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਸ਼ਨਾਖ਼ਤ ਕੀਤੀ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਸਤਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਵਿੱਚ ਪਹੁੰਚੀ ਤਾਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।