
ਕਿੱਕਰ ਦੇ ਰੁੱਖ ਨਾਲ ਲਮਕਦੀ ਮਿਲੀ ਨੌਜਵਾਨ ਦੀ ਲਾਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਇੱਕ ਨੌਜਵਾਨ (ਉਮਰ ਕਰੀਬ 25-30 ਸਾਲ) ਨੇ ਕਿੱਕਰ ਦੇ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਪੁਲੀਸ ਨੇ ਨੌਜਵਾਨ ਨੂੰ ਲਾਸ਼ ਸ਼ਨਾਖ਼ਤ ਲਈ 72 ਘੰਟੇ ਸਰਕਾਰੀ ਹਸਪਤਾਲ ਫੇਜ਼-6 ਦੇ ਮੁਰਦਾ-ਘਰ ਵਿੱਚ ਰੱਖਿਆ ਗਿਆ ਹੈ।
ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਪੁਲੀਸ ਨੂੰ ਅੱਜ ਕਿਸੇ ਵਿਅਕਤੀ ਵੱਲੋਂ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਇਤਲਾਹ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 25-30 ਸਾਲ, ਕੱਦ ਕਰੀਬ 5 ਫੁੱਟ 6 ਇੰਚ, ਰੰਗ ਕਣਕਵੰਨਾ, ਸਰੀਰ ਪਤਲਾ, ਗਰੇਅ ਰੰਗ ਦੀ ਸ਼ਰਟ ਜਿਸ ’ਤੇ ਸੰਤਰੀ ਰੰਗ ਵਿੱਚ ਮਿੱਕੀ ਮਾਊਸ ਦੀ ਫੋਟੋ ਬਣੀ ਹੋਈ ਹੈ, ਕਾਲੇ ਰੰਗ ਦੀ ਪੈਂਟ, ਬਰਾਉਣ ਰੰਗ ਦੀ ਬੈਲਟ ਪਾਈ ਹੋਈ ਹੈ। ਮ੍ਰਿਤਕ ਦੀ ਸੱਜੀ ਬਾਂਹ ’ਤੇ ਅੰਗਰੇਜ਼ੀ ਵਿੱਚ ਗੱਗੂ ਲਿਖਿਆ ਹੋਇਆ ਹੈ ਅਤੇ ਕੜੇ ਦੇ ਉੱਪਰ ਪੰਜਾਬੀ ਵਿੱਚ ਲਿਖਿਆ ਹੋਇਆ ਹੈ। ਮ੍ਰਿਤਕ ਦੇ ਗਲੇ ਵਿੱਚ ਚਾਂਦੀ ਰੰਗੀ ਚੈਨੀ ਪਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਭੇਜ ਦਿੱਤਾ ਹੈ। ਜਿੱਥੇ ਸ਼ਨਾਖ਼ਤ ਲਈ ਲਾਸ਼ ਨੂੰ 72 ਘੰਟੇ ਰੱਖਿਆ ਜਾਵੇਗਾ। ਜੇਕਰ ਇਸ ਦੌਰਾਨ ਉਸ ਦੀ ਸ਼ਨਾਖ਼ਤ ਨਾ ਹੋਈ ਤਾਂ ਇਸ ਮਗਰੋਂ ਲਾਸ਼ ਨੂੰ ਲਾਵਾਰਿਸ ਕਰਾਰ ਦੇ ਕੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।