nabaz-e-punjab.com

ਰੱਖੜੀ ਵਾਲੇ ਦਿਨ ਮੁਹਾਲੀ ਪੁੱਜੇਗੀ ਸਿਮਰਨਜੀਤ ਸਿੰਘ ਭੰਗੂ ਦੀ ਮ੍ਰਿਤਕ ਦੇਹ, 8 ਅਗਸਤ ਨੂੰ ਹੋਵੇਗਾ ਅੰਤਿਮ ਸਸਕਾਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਸਥਾਨਕ ਸੈਕਟਰ-70 ਦੀ ਕੋਠੀ ਨੰਬਰ 2607 ਵਿੱਚ ਅੱਜ ਸਵੇਰੇ 9 ਰਣਜੀਤ ਸਿੰਘ ਭੰਗੂ (ਜਿਨ੍ਹਾਂ ਦੇ ਪੁੱਤਰ ਸਿਮਰਨਜੀਤ ਸਿੰਘ ਨੂੰ ਬੀਤੀ 26 ਜੁਲਾਈ ਨੂੰ ਅਮਰੀਕਾ ਦੇ ਸੈਕਰਾਮੈਂਟੋ ਵਿੱਚ ਕੁੱਝ ਸਿਰਫਿਰੇ ਨੌਜਵਾਨਾਂ ਨੇ ਬਿਨਾਂ ਕਾਰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ) ਦੇ ਪਹੁੰਚਣ ਨਾਲ ਹੀ ਪੂਰਾ ਸੈਕਟਰ ਗਮਗੀਨ ਹੋ ਗਿਆ। ਸਿਮਰਨਜੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਅੱਜ ਸੈਕਟਰ-70 ਦੇ ਵਸਨੀਕਾਂ ਤੋਂ ਬਿਨਾਂ ਸ੍ਰੀ ਭੰਗੂ ਦੇ ਰਿਸ਼ਤੇਦਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅਤੇ ਵਰਕਿੰਗ ਕਰਮਚਾਰੀ ਅਤੇ ਅਧਿਕਾਰੀ ਅਤੇ ਸ੍ਰੀ ਭੰਗੂ ਦੇ ਕਰੀਬੀ ਦੋਸਤ ਉਨ੍ਹਾਂ ਨਾਲ ਅਫਸੋਸ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ।
ਸ੍ਰੀ ਭੰਗੂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਬੜੇ ਮਿਲਾਪੜੇ ਸੁਭਾਅ ਦਾ ਸੀ ਅਤੇ ਕਦੇ ਕਿਸੇ ਨਾਲ ਵਾਦ ਵਿਵਾਦ ਵਿੱਚ ਨਹੀਂ ਸੀ ਪਿਆ। ਸਿਮਰਨਜੀਤ ਸਿੰਘ ਆਪਣੀ ਅਮਰੀਕਾ ਰਹਿੰਦੀ ਭੈਣ ਦੇ ਕੋਲ ਹੀ ਰਹਿੰਦਾ ਸੀ। ਸਿਮਰਨਜੀਤ ਸਿੰਘ ਦੀ ਬੇਵਕਤੀ ਮੌਤ ਨਾਲ ਭੰਗੂ ਪਰਿਵਾਰ ’ਤੇ ਗਮ ਦਾ ਪਹਾੜ ਟੁੱਟ ਪਿਆ ਹੈ। ਇਸ ਮੌਕੇ ਸੈਕਟਰ-70 ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ, ਸਿੱਖਿਆ ਬੋਰਡ ਦੇ ਮੁਲਾਜ਼ਮ ਆਗੂ ਅਮਰ ਸਿੰਘ ਧਾਲੀਵਾਲ, ਭਗਵੰਤ ਸਿੰਘ ਬੇਦੀ, ਦਰਸ਼ਨ ਸਿੰਘ ਸਿੱਧੂ, ਗੁਰਨਾਮ ਸਿੰਘ ਲੌਂਗੀਆ, ਸੁਖਪਾਲ ਸਿੰਘ ਛੀਨਾ, ਹਰੀ, ਲਖਬੀਰ ਸਿੰਘ, ਜੋਗਿੰਦਰ ਸਿੰਘ ਸੰਧੂ, ਸੁਖਪਾਲ ਸਿੰਘ, ਚੰਦ ਸਿੰਘ, ਨਰਿੰਦਰ ਸਿੰਘ ਬਾਠ ਸਮੇਤ ਹੋਰਨਾਂ ਵਿਅਕਤੀਆਂ ਨੇ ਸ੍ਰੀ ਰਣਜੀਤ ਸਿੰਘ ਭੰਗੂ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰਕ ਸੂਤਰਾਂ ਅਨੁਸਾਰ ਸਿਮਰਨਜੀਤ ਸਿੰਘ ਦੀ ਦੇਹ ਸੋਮਵਾਰ 7 ਅਗਸਤ ਨੂੰ ਸ਼ਾਮ ਨੂੰ ਮੁਹਾਲੀ ਪਹੁੰਚੇਗੀ ਅਤੇ 8 ਅਗਸਤ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਤਿੰਨ ਭੈਣਾਂ ਦੇ ਇਕਲੌਤੇ ਭਰਾ ਸਿਮਰਨਜੀਤ ਸਿੰਘ ਦੀ ਦੇਹ ਰੱਖੜੀ ਵਾਲੇ ਦਿਨ 7 ਅਗਸਤ ਨੂੰ ਉਸ ਦੀ ਵੱਡੀ ਭੈਣ ਹੀ ਮੁਹਾਲੀ ਲੈ ਕੇ ਆਏਗੀ। ਇਹ ਦੁਖਦਾਈ ਸੰਯੋਗ ਹੈ ਕਿ 7 ਅਗਸਤ ਨੂੰ ਭੈਣਾਂ ਨੇ ਆਪਣੇ ਭਰਾ ਦੇ ਰੱਖੜੀ ਬੰਨਣੀ ਸੀ ਅਤੇ ਰੱਖੜੀ ਵਾਲੇ ਦਿਨ ਹੀ ਉਸ ਦੀ ਅਮਰੀਕਾ ਰਹਿੰਦੀ ਭੈਣ ਆਪਣੇ ਲਾਡਲੇ ਵੀਰ ਦੀ ਮ੍ਰਿਤਕ ਦੇਹ ਲੈ ਕੇ ਮੁਹਾਲੀ ਆ ਰਹੀ ਹੈ ਅਤੇ ਰੱਖੜੀ ਵਾਲੇ ਦਿਨ ਹੀ ਏਥੇ ਬੈਠੀਆਂ ਦੋਵੇਂ ਭੈਣਾਂ ਉਸ ਦੀ ਮ੍ਰਿਤਕ ਦੇਹ ਦੇ ਰੁ-ਬਰੂ ਹੋਣਗੀਆਂ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…