
ਮੁਹਾਲੀ ਦੀਆਂ ਟੁੱਟੀਆਂ ਸੜਕਾਂ ਨੇ ਸ਼ਹਿਰ ਦਾ ਹੁਲੀਆ ਵਿਗਾੜਿਆ
201.41 ਲੱਖ ਦੀ ਲਾਗਤ ਨਾਲ ਬਦਲੇਗੀ ਮੁਹਾਲੀ ਦੀਆਂ ਸੜਕਾਂ ਦੀ ਸੂਰਤ: ਡਾ. ਇੰਦਰਬੀਰ ਨਿੱਜਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਸ਼ਹਿਰੀ ਖੇਤਰ ਸਮੇਤ ਕਈ ਨੇੜਲੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਣ ਕਾਰਨ ਮੁਹਾਲੀ ਦਾ ਹੁਲੀਆ ਵਿਗੜ ਗਿਆ ਹੈ। ਬਲੌਂਗੀ ਤੋਂ ਮੁਹਾਲੀ ਵੱਲ ਆਉਂਦੀ ਸੜਕ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ। ਬਲੌਂਗੀ-ਮੁਹਾਲੀ ਦੀ ਸਾਂਝੀ ਹੱਦ ’ਤੇ ਬਣੇ ਪੁਲ ਦੀ ਹਾਲਤ ਖਸਤਾ ਹੈ। ਸਨਅਤੀ ਏਰੀਆ ਫੇਜ਼-7 ਤੋਂ ਮਿਲਕਫੈੱਡ ਤੱਕ ਆਉਂਦੀ ਸੜਕ, ਏਸੀ ਬੱਸ ਅੱਡੇ ਤੋਂ ਪੀਟੀਐਲ ਚੌਕ, ਸਨਅਤੀ ਏਰੀਆ ਫੇਜ਼-1 ਸਮੇਤ ਲਾਂਡਰਾਂ ਤੋਂ ਖਰੜ ਅਤੇ ਲਾਂਡਰਾਂ ਤੋਂ ਬਨੂੜ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਇਨ੍ਹਾਂ ਸੜਕਾਂ ਤੋਂ ਉੱਡਦੀ ਧੂੜ ਮਿੱਟੀ ਕਾਰਨ ਰਾਹਗੀਰ ਕਾਫ਼ੀ ਅੌਖੇ ਹਨ। ਇਹੀ ਨਹੀਂ ਮੁਹਾਲੀ ਨਗਰ ਅਧੀਨ ਆਉਂਦੀਆਂ ਕਈ ਸੜਕਾਂ ਦੀ ਹਾਲਤ ਵੀ ਕਾਫ਼ੀ ਮਾੜੀ ਹੈ। ਬਾਵਾ ਵਾਈਟ ਹਾਊਸ ਫੇਜ਼-11 ਤੋਂ ਲੈ ਕੇ ਸੈਕਟਰ-57 ਤੱਕ ਸੜਕ ’ਤੇ ਕਾਫ਼ੀ ਡੂੰਘੇ ਖੱਡੇ ਪਏ ਹੋਏ ਹਨ। ਜਾਣਕਾਰੀ ਅਨੁਸਾਰ ਸੀਵਰੇਜ ਲਾਈਨ ਪਾਉਣ ਕਾਰਨ ਇਹ ਸੜਕ ਇਕ ਸਾਈਡ ਤੋਂ ਪੁੱਟੀ ਗਈ ਸੀ ਲੇਕਿਨ ਹੁਣ ਤੱਕ ਮੁਰੰਮਤ ਨਹੀਂ ਕੀਤੀ ਗਈ।
ਉਧਰ, ਹੁਣ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਨਿੱਜੀ ਦਖ਼ਲ ਨਾਲ ਸੂਬਾ ਸਰਕਾਰ ਨੇ ਸ਼ਹਿਰੀ ਖੇਤਰ ਦੀਆਂ ਸੜਕਾਂ ਦੀ ਕਾਇਆ-ਕਲਪ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਨ ਉਪਲਬਧ ਕਰਵਾਉਣ ਲਈ ਸਰਕਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ 201.41 ਲੱਖ ਰੁਪਏ ਦੀ ਲਾਗਤ ਨਾਲ ਮੁਹਾਲੀ ਦੀਆਂ ਸੜਕਾਂ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਇਆ ਜਾਵੇਗਾ।
ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮੁਹਾਲੀ ਦੀਆਂ ‘ਏ’ ਅਤੇ ‘ਬੀ’ ਸੜਕਾਂ ਦੀ ਸਾਫ਼-ਸਫ਼ਾਈ ਕਰਨ ਲਈ ਜ਼ੋਨ-1 ਖੇਤਰ ਅਧੀਨ ਆਉਂਦੀਆਂ ਸੜਕਾਂ ਲਈ 46.24 ਲੱਖ ਰੁਪਏ, ਜ਼ੋਨ-2 ਖੇਤਰ ਦੀਆਂ ਸੜਕਾਂ ਲਈ 49.70 ਲੱਖ ਰੁਪਏ, ਇਸੇ ਤਰ੍ਹਾਂ ਜ਼ੋਨ-3 ਅਤੇ 4 ਖੇਤਰ ਅਧੀਨ ਆਉਂਦੀਆਂ ‘ਏ’ ਅਤੇ ‘ਬੀ’ ਸੜਕਾਂ ਲਈ 48.57 ਲੱਖ ਰੁਪਏ ਅਤੇ 42.80 ਲੱਖ ਰੁਪਏ ਦਾ ਖ਼ਰਚਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਸੋਹਾਣਾ, ਕੁੰਭੜਾ ਅਤੇ ਫੇਜ਼-10 ਵਿੱਚ ਨਗਰ ਨਿਗਮ ਦੀ ਇਮਾਰਤ ਦੇ ਰਾਤਰੀ ਰਹਿਣ ਵਸੇਰੇ ਵਿੱਚ ਲਾਈਟਾਂ ਦੀ ਮੁਰੰਮਤ ਅਤੇ ਰੱਖ-ਰਖਾਓ ਲਈ 14.10 ਲੱਖ ਰੁਪਏ ਖ਼ਰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਕੰਮ ਕਰਨ ਲਈ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।