ਸੈਕਟਰ-77 ਵਿੱਚ ਸੈਂਕੜੇ ਝੁੱਗੀਆਂ ’ਤੇ ਚੱਲਿਆ ਗਮਾਡਾ ਦਾ ਬੁਲਡੋਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਖ਼ਿਲਾਫ਼ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਅੱਜ ਗਮਾਡਾ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਇੱਥੋਂ ਦੇ ਬਹੁ-ਚਰਚਿਤ ਹੋਮਲੈਂਡ ਰਿਹਾਇਸ਼ੀ ਟਾਵਰ ਦੇ ਸਾਹਮਣੇ ਸੈਕਟਰ-77 (ਪੁਰਾਣੀ ਅਨਾਜ ਮੰਡੀ) ਵਾਲੀ ਜ਼ਮੀਨ ’ਤੇ ਬਣੀਆਂ ਸੈਂਕੜੇ ਝੁੱਗੀਆਂ ’ਤੇ ਬੁਲਡੋਜ਼ਰ ਚਲਾ ਕੇ ਤਹਿਸ-ਨਹਿਸ ਕੀਤਾ ਗਿਆ। ਇਹ ਕਾਰਵਾਈ ਕਰੀਬ ਡੇਢ ਦੋ ਘੰਟੇ ਜਾਰੀ ਰਹੀ ਅਤੇ ਦੇਖਦੇ ਹੀ ਦੇਖਦੇ ਸੈਂਕੜੇ ਝੁੱਗੀਆਂ ਨੂੰ ਤੋੜ ਦਿੱਤਾ। ਉਂਜ ਗਮਾਡਾ ਦੀ ਇਸ ਕਾਰਵਾਈ ਦੇ ਚੱਲਦਿਆਂ ਸੈਂਕੜੇ ਪਰਵਾਸੀ ਮਜ਼ਦੂਰ ਪਰਿਵਾਰਾਂ ਦੇ ਸਿਰ ਤੋਂ ਛੱਤ ਖੁੱਸ ਗਈ ਹੈ।
ਇਸ ਮੌਕੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਝੁੱਗੀਆਂ ਬਣਾ ਕੇ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਰਹਿ ਰਹੇ ਹਨ। ਇਸ ਪਤੇ ’ਤੇ ਉਨ੍ਹਾਂ ਦੇ ਆਧਾਰ ਕਾਰਡ, ਵੋਟਰ ਕਾਰਡ ਵੀ ਬਣੇ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਨੇੜਲੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਵਿਧਾਨ ਸਭਾ, ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਸਮੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਆਉਂਦੇ ਰਹੇ ਹਨ ਅਤੇ ਉਨ੍ਹਾਂ ਨੂੰ ਪੱਕੇ ਘਰ ਬਣਾ ਕੇ ਦੇਣ ਦਾ ਵਾਅਦਾ ਕਰਦੇ ਹਨ ਪਰ ਗਮਾਡਾ ਵੱਲੋਂ ਝੁੱਗੀਆਂ ਤੋੜ ਕੇ ਉਨ੍ਹਾਂ ਦੇ ਸਿਰ ਤੋਂ ਕੱਚੀ ਛੱਤ ਵੀ ਖੋਹ ਲਈ ਹੈ। ਝੁੱਗੀ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰਹਿਣ ਲਈ ਢੁਕਵੀਂ ਥਾਂ ਮੁਹੱਈਆ ਕਰਵਾਈ ਜਾਵੇ। ਜਿੱਥੇ ਉਹ ਆਪਣੇ ਪਰਿਵਾਰਾਂ ਨਾਲ ਰਹਿ ਸਕਣ। ਉਨ੍ਹਾਂ ਕਿਹਾ ਕਿ ਉਹ ਬਹੁਤ ਗਰੀਬ ਲੋਕ ਹਨ ਅਤੇ ਰੋਜ਼ਾਨਾ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।

Load More Related Articles

Check Also

ਪੀਐਮ ਈ-ਬੱਸ ਸੇਵਾ ਯੋਜਨਾ ਵਿੱਚ ਸ਼ਾਮਲ ਹੋਇਆ ਮੁਹਾਲੀ: ਡੀਸੀ ਕੋਮਲ ਮਿੱਤਲ

ਪੀਐਮ ਈ-ਬੱਸ ਸੇਵਾ ਯੋਜਨਾ ਵਿੱਚ ਸ਼ਾਮਲ ਹੋਇਆ ਮੁਹਾਲੀ: ਡੀਸੀ ਕੋਮਲ ਮਿੱਤਲ ਯੋਜਨਾ ਤਹਿਤ ਸ਼ਹਿਰ ਦੀਆਂ ਸੜਕਾਂ ’ਤ…