
ਦਸਵੀਂ ਜਮਾਤ ਦੀ ਸੰਗੀਤ ਗਾਇਨ ਵਿਸ਼ੇ ਦੀ ਰੱਦ ਹੋਈ ਪ੍ਰੀਖਿਆ ਹੁਣ ਪੰਜ ਅਪਰੈਲ ਨੂੰ ਹੋਵੇਗੀ
ਨਬਜ਼-ਏ-ਪੰਜਾਬ, ਮੁਹਾਲੀ, 25 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੀ 12 ਮਾਰਚ ਨੂੰ ਲਈ ਗਈ ਦਸਵੀਂ ਜਮਾਤ ਦੇ ਸੰਗੀਤ ਗਾਇਨ ਵਿਸ਼ੇ (ਵਿਸ਼ਾ ਕੋਡ-30) ਦੀ ਪ੍ਰੀਖਿਆ ਨੂੰ ਕੁੱਝ ਤਕਨੀਕੀ ਕਾਰਨਾਂ ਕਰਕੇ ਮੁੱਢੋਂ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਸਕੂਲ ਬੋਰਡ ਦੇ ਬੁਲਾਰੇ ਨੇ ਦਿੱਤੀ। ਇਸ ਸਬੰਧੀ ਬੋਰਡ ਮੈਨੇਜਮੈਂਟ ਨੇ ਸਪੱਸ਼ਟ ਕੀਤਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸੰਗੀਤ ਗਾਇਨ (ਵਿਸ਼ਾ ਕੋਡ-30) 41 ਦੀ ਪ੍ਰੀਖਿਆ ਰੱਦ ਨਹੀਂ ਕੀਤੀ ਗਈ ਹੈ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ 12 ਮਾਰਚ ਲਈ ਗਈ ਸਧਾਰਨ ਵਿਦਿਆਰਥੀਆਂ ਦੀ ਸੰਗੀਤ ਗਾਇਨ (ਵਿਸ਼ਾ ਕੋਡ-30) ਦੀ ਰੱਦ ਕੀਤੀ ਗਈ ਸਾਲਾਨਾ ਪ੍ਰੀਖਿਆ ਹੁਣ 5 ਅਪਰੈਲ ਨੂੰ ਪਹਿਲਾਂ ਤੋਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿੱਚ ਹੀ ਪਹਿਲਾਂ ਵਾਲੇ ਸਮੇਂ ਅਨੁਸਾਰ ਹੀ ਲਈ ਜਾਵੇਗੀ। ਇਸ ਬਾਰੇ ਪੰਜਾਬ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ 28 ਮਾਰਚ ਸੰਗੀਤ-ਵਾਦਨ (ਮਿਊਜ਼ੀਕਲ ਇੰਸਟਰੂਮੈਂਟਲ) (ਵਿਸ਼ਾ ਕੋਡ-31) ਵਿਸ਼ੇ ਦੀ ਪ੍ਰੀਖਿਆ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਹੀ ਲਈ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ ਨਾਲ ਜੁੜੇ ਸਬੰਧਤ ਪ੍ਰੀਖਿਆਰਥੀ ਅਤੇ ਸਟਾਫ਼ ਇਸ ਤਾਜ਼ਾ ਜਾਣਕਾਰੀ ਨੂੰ ਧਿਆਨ ਵਿੱਚ ਰੱਖਣ ਅਤੇ ਕਿਸੇ ਪ੍ਰਕਾਰ ਦੀ ਕੋਈ ਵੀ ਲੋੜੀਂਦੀ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ਜਾਂ ਕੰਟਰੋਲ ਰੂਮ ਦੇ ਲੈਂਡ-ਲਾਈਨ ਨੰਬਰ 0172-5227136,37,38 ’ਤੇ ਸੰਪਰਕ ਕੀਤਾ ਜਾ ਸਕਦਾ ਹੈ।