ਮਾਂ-ਬੋਲੀ ਦੇ ਪਸਾਰ ਲਈ ਹੋਕਾ ਦੇਣ ਲਈ ਕਾਫ਼ਲਾ ਪੁਆਧ ਤੋਂ ਮਾਝੇ-ਮਾਲਵੇ ਵੱਲ ਰਵਾਨਾ

ਵਪਾਰ ਦੀ ਭਾਸ਼ਾ ਨਾ ਬਣੀ ਪੰਜਾਬੀ ਤਾਂ ਝੱਲਣੇ ਪੈ ਸਕਦੇ ਨੇ ਵੱਡੇ ਨੁਕਸਾਨ: ਡਾ. ਕਥੂਰੀਆ

ਬਹੁ-ਭਾਸ਼ਾਈ ਹੋਣਾ ਚੰਗੀ ਗੱਲ ਪਰ ਮਾਂ-ਬੋਲੀ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਸਰਾਪ: ਗਰਗ

ਨਬਜ਼-ਏ-ਪੰਜਾਬ, ਮੁਹਾਲੀ, 24 ਸਤੰਬਰ:
ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਪੰਜਾਬ ਵਿੱਚ ਵਿਸ਼ੇਸ਼ ਬੱਸ ਰੈਲੀ ਅੱਜ ਚੰਡੀਗੜ੍ਹ ਤੋਂ ਰਵਾਨਾ ਹੋਈ। ਜਿਸ ਦਾ ਪੰਜਾਬੀ ਭਾਸ਼ਾ ਦਾ ਪ੍ਰਚਾਰ ਪੁਆਧ ਦੀ ਧਰਤੀ ਤੋਂ ਸ਼ੁਰੂ ਹੋ ਕੇ ਠਾਹਰ ਮਾਲਵੇ ਵਿੱਚ ਅਤੇ ਸਮਾਪਤੀ ਮਾਝੇ ਵਿੱਚ ਦੀ ਧਰਤੀ ’ਤੇ ਹੋਵੇਗੀ। ਰੈਲੀ ਦੀ ਅਗਵਾਈ ‘ਵਿਸ਼ਵ ਪੰਜਾਬੀ ਸਭਾ ਕੈਨੇਡਾ’ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕੀਤੀ। ਰੈਲੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਝੰਡੀ ਦੇਖ ਕੇ ਰਵਾਨਾ ਕੀਤਾ ਅਤੇ ਪੰਜਾਬੀ ਹਿਤੈਸ਼ੀ ਟੀਮ ਨੂੰ ਇਸ ਨਿਵੇਕਲੇ ਕਾਰਜ ਲਈ ਵਧਾਈ ਦਿੱਤੀ।
ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਸਨਮਾਨ ਲਈ ਮੁਹਾਲੀ ਦੀ ਜੂਹ ਵਿੱਚ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਬਲੌਂਗੀ ਵਿੱਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸੀਨੀਅਰ ਆਈਏਐਸ ਡਾ. ਕਮਲ ਕੁਮਾਰ ਗਰਗ ਮੁੱਖ ਮਹਿਮਾਨ ਸਨ ਜਦੋਂਕਿ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਕੀਤੀ। ਮੰਚ ’ਤੇ ਕਾਲਜ ਦੇ ਚੇਅਰਮੈਨ ਤੇਗਬੀਰ ਸਿੰਘ ਵਾਲੀਆ ਵੀ ਸੁਸ਼ੋਭਿਤ ਸਨ।
ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ‘ਵਿਸ਼ਵ ਪੰਜਾਬੀ ਸਭਾ ਕੈਨੇਡਾ’ (ਚੰਡੀਗੜ੍ਹ) ਦੇ ਪ੍ਰਧਾਨ ਤੇ ਪੱਤਰਕਾਰ ਸਤਵਿੰਦਰ ਸਿੰਘ ਧੜਾਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਇਆ ਅਤੇ ਸ਼ਮਾ ਰੋਸ਼ਨ ਕਰਨ ਦੀ ਰਸਮ ਨਿਭਾਈ। ਇਸ ਤੋਂ ਬਾਅਦ ਡਾ. ਕਥੂਰੀਆ ਤੇ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਤੋਂ ਇਲਾਵਾ ਸਭਾ ਦੇ ਬਰੈਂਡ ਅੰਬੈਸਡਰ ਬਾਲ ਮੁਕੰਦ ਸਮੇਤ ਹੋਰਨਾ ਮੈਂਬਰਾਂ ਨੂੰ ‘ਮਹਾਨ ਕੋਸ਼’ ਤੇ ਲੋਈ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਕਾਲਜ ਦੇ ਚੇਅਰਮੈਨ ਤੇਗਬੀਰ ਸਿੰਘ ਵਾਲੀਆ ਤੇ ਸੰਸਥਾਪਕ ਜਸਵਿੰਦਰ ਕੌਰ ਵਾਲੀਆ ਨੇ ਪੁੱਜੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਡਾ. ਦਲਬੀਰ ਕਥੂਰੀਆ ਨੇ ਕਿਹਾ ਕਿ ਮਾਂ-ਬੋਲੀ ਪੰਜਾਬੀ ਜਦੋਂ ਤੱਕ ਸਾਡੇ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ, ਉਦੋਂ ਤੱਕ ਇਸ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨ ਸਾਰਥਿਕ ਹੁੰਦੇ ਦਿਖਾਈ ਨਹੀਂ ਦਿੰਦੇ। ਉਨ੍ਹਾਂ ਯੂਐੱਨਐੱਸਸੀਓ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਪੰਜਾਬੀਆਂ ’ਤੇ ਵੱਡੇ ਭਾਸ਼ਾਈ ਅਤੇ ਲੁਕਵੇਂ ਹਮਲੇ ਤੋਂ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਸੇਵਾ ਕਰਨ ਲਈ ਕਿਸੇ ਵਿਸ਼ੇਸ਼ ਦਿਹਾੜੇ ਜਾਂ ਸਮੇਂ ਦੀ ਲੋੜ ਨਹੀਂ ਹੁੰਦੀ। ਪੰਜਾਬੀ ਹਿਤੈਸ਼ੀ ਕਹਾਉਣ ਵਾਲੇ ਕਲਾਕਾਰਾਂ ਨੂੰ ਵੀ ਕਥੂਰੀਆ ਨੇ ਵੰਗਾਰਦਿਆਂ ਇਸ ਰੈਲੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਹੀ ਗੱਲਬਾਤ ਕੀਤੀ ਜਾਵੇ।
ਡਾ. ਕਮਲ ਕੁਮਾਰ ਗਰਗ ਨੇ ਸਮੂਹ ਮੈਂਬਰਾਂ ਨੂੰ ਮਾਂ-ਬੋਲੀ ਦੇ ਪ੍ਰਚਾਰ ਲਈ ਕੀਤੇ ਵੱਡੇ ਉੱਦਮ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬਹੁ-ਭਾਸ਼ਾਈ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਇਤਫ਼ਾਕ, ਮੁਹੱਬਤ ਤੇ ਅਪਣੱਤ ਸਿਰਫ਼ ਮਾਂ-ਬੋਲੀ ਲਈ ਹੋਣੀ ਚਾਹੀਦੀ ਹੈ ਅਤੇ ਮਾਂ-ਬੋਲੀ ਭੁੱਲ ਜਾਣਾ ਕਿਸੇ ਸਰਾਪ ਤੋਂ ਘੱਟ ਨਹੀਂ ਹੈ। ਉਨ੍ਹਾਂ ਵਿਸ਼ਵ ਪੰਜਾਬੀ ਸਭਾ ਦੀ ਚੰਡੀਗੜ੍ਹ ਇਕਾਈ ਨੂੰ ਯਾਦਗਾਰੀ ਚਿੰਨ੍ਹਾਂ ਵਜੋਂ ਕਿਤਾਬਾਂ ਦਾ ਸੈੱਟ ਭੇਟ ਕਰਨ ’ਤੇ ਵਧਾਈ ਦਿੱਤੀ। ਸਮਾਗਮ ਦੇ ਅਖੀਰ ਵਿੱਚ ਸਭਾ ਦੇ ਬਰਾਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ ਨੇ ਰਸੂਮ ਹਮਜ਼ਾਤੋਵ ਦੀ ਪੁਸਤਕ ‘ਮੇਰਾ ਦਾਗਿਸਤਾਨ’ ਦਾ ਹਵਾਲਾ ਦਿੰਦਿਆਂ ਵਿਅੰਗਮਈ ਢੰਗ ਨਾਲ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਮਾਂ-ਬੋਲੀ ਨੂੰ ਭੁੱਲ ਜਾਣਾ ਕਿਸੇ ਗਾਲ੍ਹ ਤੋਂ ਘੱਟ ਨਹੀਂ, ਦੱਸਿਆ ਗਿਆ ਹੈ। ਇਸ ਲਈ ਪੰਜਾਬੀਆਂ ਨੂੰ ਇਸ ਗੱਲ ਤੋਂ ਸਬਕ ਲੈ ਕੇ ਮਾਤ-ਭਾਸ਼ਾ ਲਈ ਸਮਰਪਨ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।
(ਬਾਕਸ ਆਈਟਮ)

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਭਾਸ਼ਾ ਦੇ ਵਿਸਥਾਰ ਤੇ ਪਿਆਰ ਲਈ ਆਰੰਭੇ ਇਸ ਪ੍ਰੋਗਰਾਮ ਦੀ ਵਿਲੱਖਣਤਾ ਇਹ ਰਹੀ ਹੈ ਕਿ ਇਹ ਕਾਰਜ ‘ਪੁਆਧ’ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵੱਡੇ ਕਾਰੋਬਾਰੀ ਡਾ. ਦਲਵੀਰ ਸਿੰਘ ਕਥੂਰੀਆ ਨੇ ਇਹ ਦਿਖਾ ਦਿੱਤਾ ਹੈ ਕਿ ਮਾਂ-ਬੋਲੀ ਦੀ ਸੇਵਾ ਕਰਨ ਲਈ ਹੱਦਾਂ ਤੇ ਸਰਹੱਦਾਂ ਮਾਅਇਨੇ ਨਹੀਂ ਰੱਖਦੀਆਂ ਬਲਕਿ ਇਸ ਕਾਰਜ ਲਈ ਜਜ਼ਬੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਬਚਾਉਣ ਲਈ ਕੇਵਲ ਭਾਵੁਕ ਤਕਰੀਰਾਂ ਅਤੇ ਭਾਸ਼ਣ ਨਾ-ਕਾਫ਼ੀ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …