ਦੰਗਾ ਪੀੜਤਾਂ ਲਈ ਰਾਖਵੀਂ ਜ਼ਮੀਨ ਸਟਰੀਟ ਵੈਂਡਰਾਂ ਨੂੰ ਦੇਣ ਦਾ ਮਾਮਲਾ ਭਖਿਆ

ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਕਾਰਕੁਨਾਂ ਵੱਲੋਂ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 9 ਅਗਸਤ:
ਇੱਥੋਂ ਦੇ ਫੇਜ਼-6 ਦੀ ਮਾਰਕੀਟ ਨੇੜੇ ਦੰਗਾ ਪੀੜਤ ਪਰਿਵਾਰਾਂ ਲਈ ਰਾਖਵੀਂ ਜ਼ਮੀਨ ਸਟਰੀਟ ਵੈਂਡਿੰਗ ਜ਼ੋਨ ਲਈ ਅਲਾਟ ਕਰਨ ਦਾ ਮਾਮਲਾ ਕਾਫ਼ੀ ਭਖ ਗਿਆ ਹੈ। 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਬੁੱਧਵਾਰ ਨੂੰ ਦੰਗਾ ਪੀੜਤ ਪਰਿਵਾਰਾਂ ਨੇ ਜਿੱਥੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ, ਉੱਥੇ ਉਨ੍ਹਾਂ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ।
ਸ੍ਰੀ ਭਾਟੀਆ ਨੇ ਦੱਸਿਆ ਕਿ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਉਕਤ ਜ਼ਮੀਨ ਰਾਖਵੀਂ ਰੱਖੀ ਗਈ ਸੀ ਪ੍ਰੰਤੂ ਕਰੀਬ ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਦੰਗਾ ਪੀੜਤਾਂ ਦੀ ਬਾਂਹ ਫੜੀ, ਉਲਟਾ ਸਬੰਧਤ ਜ਼ਮੀਨ ਰੇਹੜੀ-ਫੜ੍ਹੀ ਵਾਲਿਆਂ ਨੂੰ ਅਲਾਟ ਕਰਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਸਰਕਾਰੀ ਧੱਕੇਸ਼ਾਹੀ ਕਾਰਨ ਦੰਗਾ ਪੀੜਤ ਪਰਿਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੰਗਾ ਪੀੜਤ ਪਰਿਵਾਰਾਂ ਨੂੰ ਤੁਰੰਤ ਜ਼ਮੀਨ ਅਲਾਟ ਕੀਤੀ ਜਾਵੇ ਅਤੇ ਸਿੱਖ ਦੰਗਿਆਂ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਬੁਲਾਰਿਆਂ ਨੇ ਮੰਗ ਕੀਤੀ ਕਿ ਫੇਜ਼-6 ਵਿਚਲੀ ਉਕਤ ਜ਼ਮੀਨ ਕਾਰੋਬਾਰ ਕਰਨ ਲਈ ਸਿੱਖ ਦੰਗਾ ਪੀੜਤ ਪਰਿਵਾਰਾਂ ਨੂੰ ਅਲਾਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਪਿਛਲੇ ਕਰੀਬ 39 ਸਾਲਾਂ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਆ ਰਹੇ ਹਨ ਲੇਕਿਨ ਸਮੇਂ ਦੀਆਂ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।
ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵੱਸਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਦੇ ਗੁਰੂ-ਘਰਾਂ ਵਿੱਚ ਸਾਂਝੇ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਣ ਅਤੇ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਸਿਆਸੀ ਆਗੂਆਂ ਖ਼ਿਲਾਫ਼ ਘੱਟੋ-ਘੱਟ ਫਾਂਸੀ ਦੀ ਸਜ਼ਾ ਦੀ ਗੁਹਾਰ ਲਗਾਈ ਜਾਵੇ। ਇਸ ਮੌਕੇ ਗੁਰਵਿੰਦਰ ਕੌਰ, ਕੁਲਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਪਾਲ ਸਿੰਘ, ਸੱਜਣ ਸਿੰਘ, ਅਰਵਿੰਦਰ ਪਾਲ ਸਿੰਘ ਬਲੌਂਗੀ, ਅੰਮ੍ਰਿਤ ਕੌਰ ਹਰਭਜਨ ਸਿੰਘ, ਧਨਵੰਤ ਸਿੰਘ, ਬਲਬੀਰ ਸਿੰਘ, ਕਸ਼ਮੀਰਾ ਸਿੰਘ, ਹਰਜਿੰਦਰ ਕੌਰ, ਰਣਜੀਤ ਕੌਰ, ਗੁਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Special DGP Law and Order holds Crime Review with DIG and SSPs of Ropar Range at Mohali

Special DGP Law and Order holds Crime Review with DIG and SSPs of Ropar Range at Mohali Na…