
ਨਾਜਾਇਜ਼ ਰੇਹੜੀ-ਫੜੀ ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਭਖਿਆ, ਹਫ਼ਤਾ ਵਸੂਲੀ ਦੇ ਦੋਸ਼ ਲੱਗੇ
ਸੰਯੁਕਤ ਕਮਿਸ਼ਨਰ ਤੇ ਡੀਐਸਪੀ ਨੇ ਕੀਤੀ ਦੁਕਾਨਦਾਰਾਂ ਨਾਲ ਮੀਟਿੰਗ, ਮਸਲੇ ਦਾ ਛੇਤੀ ਹੱਲ ਕਰਨ ਦਾ ਭਰੋਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਨਾਜਾਇਜ਼ ਰੇਹੜੀ-ਫੜੀ ਅਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਕਾਫ਼ੀ ਭਖ ਗਿਆ ਹੈ ਅਤੇ ਰੋਜ਼ਾਨਾ ਹੀ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵਿਚਕਾਰ ਝਗੜੇ ਵਧ ਰਹੇ ਹਨ। ਮੁਹਾਲੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਦਮਨਦੀਪ ਕੌਰ ਅਤੇ ਡੀਐਸਪੀ (ਸਿਟੀ-1) ਐਚਐਸ ਮਾਨ ਨੇ ਫੇਜ਼-7 ਦੀ ਮਾਰਕੀਟ ਵਿੱਚ ਪਹੁੰਚ ਕੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ। ਅਧਿਕਾਰੀਆਂ ਨੇ ਜਲਦੀ ਹੀ ਉਕਤ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਮਾਰਕੀਟ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ, ਸਾਬਕਾ ਕੌਂਸਲਰ ਗਿਆਨ ਚੰਦ ਅਗਰਵਾਲ ਅਤੇ ਹੋਰਨਾਂ ਦੁਕਾਨਦਾਰਾਂ ਨੇ ਅਧਿਕਾਰੀਆਂ ਅੱਗੇ ਸਮੱਸਿਆਵਾਂ ਦਾ ਪਟਾਰਾ ਖੋਲ੍ਹ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਰੇਹੜੀ-ਫੜੀ ਦੀ ਭਰਮਾਰ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਜਦੋਂ ਕਿਸੇ ਨੂੰ ਫੜੀ ਲਗਾਉਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਗੱਲ ਪੈਣ ਨੂੰ ਆਉਂਦੇ ਹਨ ਅਤੇ ਪਿਛਲੇ ਦਿਨੀਂ ਇੱਕ ਦੁਕਾਨਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਹੈ।
ਸਰਬਜੀਤ ਪਾਰਸ ਨੇ ਕਿਹਾ ਕਿ ਨਾਜਾਇਜ਼ ਰੇਹੜੀ-ਫੜੀਆਂ ਦਾ ਬਹੁਤ ਵੱਡਾ ਸਕੈਂਡਲ ਹੈ, ਜਿਸ ਵਿੱਚ ਛੋਟੇ ਤੋਂ ਵੱਡੇ ਅਧਿਕਾਰੀਆਂ ਨੂੰ ਪੈਸਾ ਜਾਂਦਾ ਹੈ ਅਤੇ ਸਬੰਧਤ ਸਟਾਫ਼ ਵੱਲੋਂ ਪੈਸਿਆਂ ਦੀ ਉਗਰਾਹੀ ਕਰਨ ਕਰਕੇ ਇਨ੍ਹਾਂ ਲੋਕਾਂ ਦਾ ਹੌਸਲਾ ਕਾਫ਼ੀ ਵਧ ਗਿਆ ਹੈ। ਮੌਜੂਦਾ ਸਮੇਂ ਵਿੱਚ ਤਕਰੀਬਨ 300 ਤੋਂ ਵੱਧ ਨਾਜਾਇਜ਼ ਰੇਹੜੀ-ਫੜੀਆਂ ਵਾਲੇ ਮਾਰਕੀਟ ਵਿੱਚ ਕਬਜ਼ੇ ਕਰਕੇ ਬੈਠੇ ਹਨ।
ਐਮਪੀਸੀਏ ਦੇ ਪ੍ਰਧਾਨ ਹਰਪ੍ਰੀਤ ਡਡਵਾਲ ਨੇ ਕਿਹਾ ਕਿ ਸ਼ੋਅਰੂਮਾਂ ਦੇ ਬਾਹਰ ਨਾਜਾਇਜ਼ ਨਾਲ ਰੇਹੜੀਆਂ-ਫੜੀਆਂ ਲੱਗਣ ਕਾਰਨ ਝਗੜੇ ਵਧਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਆਪਣਾ ਕਾਉਂਟਰ ਜਾਂ ਥੋੜਾ ਸਮਾਨ ਬਾਹਰ ਰੱਖ ਲਵੇ ਤਾਂ ਨਗਰ ਨਿਗਮ ਦਾ ਸਟਾਫ਼ ਤੁਰੰਤ ਚੁੱਕਣ ਪਹੁੰਚ ਜਾਂਦਾ ਹੈ ਪ੍ਰੰਤੂ ਰੇਹੜੀ-ਫੜੀਆਂ ਵਾਲਿਆਂ ਨੂੰ ਕੋਈ ਕੁੱਝ ਨਹੀਂ ਕਹਿੰਦਾ। ਪੀੜਤ ਦੁਕਾਨਦਾਰ ਦੀਪਕ ਕੁਮਾਰ ਨੇ ਰੇਹੜੀ ਵਾਲਿਆਂ ਦੀਆਂ ਮਨਮਾਨੀਆਂ ਬਾਰੇ ਦੱਸਿਆ।

ਉਧਰ, ਮੀਟਿੰਗ ਤੋਂ ਬਾਅਦ ਅਧਿਕਾਰੀਆਂ ਨੇ ਦੁਕਾਨਦਾਰਾਂ ਨਾਲ ਮਾਰਕੀਟ ਦਾ ਸਰਵੇ ਵੀ ਕੀਤਾ। ਸੰਯੁਕਤ ਕਮਿਸ਼ਨਰ ਦਮਨਦੀਪ ਕੌਰ ਨੇ ਕਿਹਾ ਕਿ ਛੇਤੀ ਹੀ ਸਾਂਝੀ ਟੀਮ ਬਣਾਈ ਜਾਵੇਗੀ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਿਊਟੀ ਮੈਜਿਸਟਰੇਟ ਤਾਇਨਾਤ ਦੀ ਗੁਹਾਰ ਲਾਈ ਜਾਵੇਗੀ। ਇਸ ਮਗਰੋਂ ਪੱਕੇ ਪੈਰੀ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਹੜੀ-ਫੜੀ ਵਾਲਿਆਂ ਨੂੰ ਜਾਰੀ ਸ਼ਨਾਖ਼ਤੀ ਕਾਰਡਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਸਕੇ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਮਾਰਕੀਟਾਂ ਵਿੱਚ ਨਾਜਾਇਜ਼ ਕਬਜ਼ੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ।