ਸਰਕਾਰੀ ਹਸਪਤਾਲ ਦੇ ਨਰਸਿੰਗ ਸਟਾਫ਼ ਨਾਲ ਦੁਰਵਿਹਾਰ ਦਾ ਮਾਮਲਾ ਭਖਿਆ

ਪੀੜਤ ਨਰਸਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਸੰਘਰਸ਼ ਵਿੱਢਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਸਿਹਤ ਵਿਭਾਗ ਦੀ ਡਾਇਰੈਕਟਰ ਵੱਲੋਂ ਪਿਛਲੇ ਦਿਨੀਂ ਸਰਕਾਰੀ ਹਸਪਤਾਲ ਫੇਜ਼-6 ਦੇ ਦੌਰੇ ਦੌਰਾਨ ਨਰਸਿੰਗ ਸਟਾਫ਼ ਨਾਲ ਕੀਤੇ ਕਥਿਤ ਦੁਰਵਿਹਾਰ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਅੱਜ ਡਿਊਟੀ ਸਮੇਂ ਤੋਂ ਬਾਅਦ ਪੀੜਤ ਨਰਸਿੰਗ ਸਟਾਫ਼ ਨੇ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਈ। ਪੀੜਤ ਨਰਸਾਂ ਨੇ ਮੀਡੀਆ ਨੂੰ ਦਸਤਾਵੇਜ਼ੀ ਸਬੂਤ ਦਿੰਦੇ ਹੋਏ ਆਪਣਾ ਕੰਮ ਪੁਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕਰਨ ਦੀ ਗੱਲ ਕਹੀ। ਨਰਸਾਂ ਨੇ ਉਨ੍ਹਾਂ ਮਰੀਜ਼ਾਂ ਦੇ ਬਿਆਨਾਂ ਦੀ ਕਾਪੀ ਵੀ ਦਿੱਤੀ, ਜਿਨ੍ਹਾਂ ਵੱਲੋਂ ਇਲਾਜ ਦੌਰਾਨ ਨਰਸਿੰਗ ਸਟਾਫ਼ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ ਹੈ। ਡਾਇਰੈਕਟਰ ਵੱਲੋਂ ਜਨਤਕ ਤੌਰ ’ਤੇ ਝਿੜਕਾਂ ਮਾਰਨ ਅਤੇ ਮੂੰਹ ’ਤੇ ਛੱਪੜ ਮਾਰਨ ਦੀ ਘੁਰਕੀ ਤੋਂ ਬੇਹੱਦ ਪ੍ਰੇਸ਼ਾਨ ਇੱਕ ਨਰਸ ਵਿਲਕ-ਵਿਲਕ ਨੇ ਰੋਣ ਲੱਗ ਪਈ। ਉਸ ਦੀਆਂ ਅੱਖਾਂ ’ਚੋਂ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ।
ਸੀਨੀਅਰ ਸਟਾਫ਼ ਨਰਸ ਮੰਜੂ ਮਹਾਜਨ, ਵੀਨਾ ਰਾਣੀ, ਅਨੀਤਾ ਸ਼ਰਮਾ ਅਤੇ ਹੋਰਨਾਂ ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਡਾਇਰੈਕਟਰ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਜਦੋਂ ਤੱਕ ਡਾਇਰੈਕਟਰ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਰੋਸ ਬਰਕਰਾਰ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਸਮੂਹ ਨਰਸਿੰਗ ਸਟਾਫ਼ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰੇਗਾ। ਜੇਕਰ ਲੋੜ ਪਈ ਤਾਂ ਲੜੀਵਾਰ ਧਰਨਾ ਸ਼ੁਰੂ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ 22 ਜੁਲਾਈ ਨੂੰ ਡਾਇਰੈਕਟਰ ਹਸਪਤਾਲ ਦੇ ਆਈਸੀਯੂ ਵਿੱਚ ਰਾਉਂਡ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਨਰਸਿੰਗ ਸਟਾਫ਼ ਨਾਲ ਤਲਖ਼ੀ ਹੋ ਗਈ। ਇਸ ਸਾਰਾ ਕੁੱਝ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਹੋਇਆ। ਜਿਸ ਦਾ ਨਰਸਿੰਗ ਸਟਾਫ਼ ਨੇ ਬੁਰਾ ਮਨਾਇਆ ਅਤੇ ਡਾਇਰੈਕਟਰ ਦੀ ਮੌਜੂਦਗੀ ਵਿੱਚ ਸਿਹਤ ਮੰਤਰੀ ਨੂੰ ਲੰਮੀ ਚੌੜੀ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਇਸ ਮੌਕੇ ਜਸਵਿੰਦਰ ਕੌਰ, ਮਨਵੀਰ ਕੌਰ, ਪੁਸ਼ਵਿੰਦਰ ਕੌਰ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਪ੍ਰਦੀਪ ਕੌਰ, ਹਰਜੀਤ ਕੌਰ, ਮਨਜੀਤ ਕੌਰ, ਰੇਨੂੰ, ਪਰਮਿੰਦਰ ਕੌਰ, ਰਮਦੀਪ, ਰਵਨੀਤ, ਨਵਰੀਤ ਕੌਰ, ਸ਼ਿਵਾਨੀ, ਵੰਦਨਾ ਰਾਣੀ, ਸ਼ਸ਼ੀਬਾਲਾ, ਵਿਜੈ ਮੱਟੂ, ਮਨਪ੍ਰੀਤ ਕੌਰ, ਸੰਦੀਪ ਕੌਰ, ਪ੍ਰੀਤੀ, ਬੀਨਾ, ਹਰਵਿੰਦਰ ਸਿੰਘ, ਹੈਪੀ ਚੌਧਰੀ, ਨਿਸ਼ਾ ਰਾਣੀ, ਗਗਨਦੀਪ ਸਿੰਘ, ਨੀਰੂ, ਰੁਪਿੰਦਰ ਕੌਰ ਮਨਪ੍ਰੀਤ ਕੌਰ, ਰੋਜੀ, ਯੂਨਨ ਮਸੀਤ, ਪ੍ਰਭਜੋਤ ਕੌਰ, ਰਿੰਕੂ, ਗੁਰਵੰਤ, ਰੀਨਾ, ਚਰਨਜੀਤ ਕੌਰ, ਸੁਖਵਿੰਦਰ ਕੌਰ, ਸਿਮਰਜੀਤ ਕੌਰ, ਪ੍ਰਭਜੋਤ ਕੌਰ, ਪਰਮਦੀਪ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …