ਨੌਜਵਾਨ ਦੀ ਭੇਤਭਰੀ ਮੌਤ ਦਾ ਮਾਮਲਾ: ਮੁਲਜ਼ਮ ਪੈਰੀ ਦਾ ਜੁਡੀਸ਼ਲ ਰਿਮਾਂਡ, ਬਾਕੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਲੋਹੜੀ ਦੀ ਰਾਤ ਨੂੰ ਜਸ਼ਨ ਪਾਰਟੀ ਤੋਂ ਬਾਅਦ ਦੋਸਤਾਂ ਨੇ ਬੀਐਸਐਨਐਲ ਦਫ਼ਤਰ ਦੇ ਪਿੱਛੇ ਪਾਰਕ ਵਿੱਚ ਸੁੱਟ ਦਿੱਤੀ ਸੀ ਨੌਜਵਾਨ ਦੀ ਲਾਸ਼

ਡੀਜੀਪੀ ਦੇ ਨਿੱਜੀ ਦਖ਼ਲ ਤੋਂ ਬਾਅਦ ਮਟੌਰ ਪੁਲੀਸ ਨੇ ਦੋਸਤਾਂ ਦੇ ਖ਼ਿਲਾਫ਼ ਦਰਜ ਕੀਤਾ ਸੀ ਕੇਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਅਕੈਡਮੀ ਦੇ ਵਿਦਿਆਰਥੀ ਹਰਪ੍ਰੀਤ ਸਿੰਘ (21) ਦੀ ਭੇਤਭਰੀ ਹਾਲਤ ਵਿੱਚ ਮੌਤ ਦੇ ਮਾਮਲੇ ਵਿੱਚ ਮਟੌਰ ਪੁਲੀਸ ਵੱਲੋਂ ਬੀਤੇ ਦਿਨੀਂ ਮ੍ਰਿਤਕ ਨੌਜਵਾਨ ਦੀ ਕਥਿਤ ਮਹਿਲਾ ਮਿੱਤਰ ਪੈਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਅਦਾਲਤ ਨੇ ਮੁਲਜ਼ਮ ਲੜਕੀ ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਹੈ। ਮਟੌਰ ਥਾਣੇ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ ਨੇ ਕਿਹਾ ਕਿ ਪੈਰੀ ਤੋਂ ਨੌਜਵਾਨ ਦੀ ਮੌਤ ਸਬੰਧੀ ਪੁੱਛ ਗਿੱਛ ਕਰਨੀ ਹੈ ਅਤੇ ਉਹ ਕਾਰ ਵੀ ਬਰਾਮਦ ਕਰਨੀ ਹੈ। ਜਿਸ ਵਿੱਚ ਪਾ ਕੇ ਹਰਪ੍ਰੀਤ ਸਿੰਘ ਨੂੰ ਮੁਹਾਲੀ ਦੇ ਪਾਰਕ ਵਿੱਚ ਸੁੱਟ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਤਿੰਨ ਦੋਸਤ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਨ੍ਹਾਂ ਦੀ ਗ੍ਰਿਫਤਾਰੀਆਂ ਬਾਰੇ ਪੈਰੀ ਤੋਂ ਪੁੱਛ ਗਿੱਛ ਕਰਨੀ ਬਾਕੀ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਪੈਰੀ ਪਿਛਲੇ 24 ਘੰਟੇ ਤੋਂ ਮਟੌਰ ਪੁਲੀਸ ਦੀ ਹਿਰਾਸਤ ਵਿੱਚ ਹੈ ਅਤੇ ਪੁਲੀਸ ਉਸ ਕੋਲੋਂ ਲੋੜੀਂਦੀ ਪੁੱਛ ਗਿੱਛ ਕੀਤੀ ਜਾ ਚੁੱਕੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੈਰੀ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦਾ ਬੇਟਾ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਅਕੈਡਮੀ ਵਿੱਚ ਪੜਦਾ ਸੀ ਅਤੇ ਇਸ ਸਾਲ 13 ਜਨਵਰੀ ਨੂੰ ਲੋਹੜੀ ਵਾਲੀ ਰਾਤ ਉਹ ਆਪਣੇ ਦੋਸਤਾਂ ਜਿਨ੍ਹਾਂ ਵਿੱਚ ਜਸਵਿੰਦਰ ਸਿੰਘ ਨਾਂਅ ਦੇ ਦੋ ਨੌਜਵਾਨ ਜੋ ਕਿ ਉਸ ਨਾਲ ਹੀ ਪੜ੍ਹਦੇ ਹਨ ਅਤੇ ਇੱਕ ਲੜਕੀ ਪੈਰੀ ਅਤੇ ਜਾਨੂ ਨਾਂ ਦਾ ਲੜਕਾ ਚੰਡੀਗੜ੍ਹ ਵਿੱਚ ਲੋਹੜੀ ਸੈਲੀਵਿਰੇਸ਼ਨ ਕਰ ਰਹੇ ਸੀ। ਇਸ ਦੌਰਾਨ ਉਸ ਦੇ ਬੇਟੇ ਹਰਪ੍ਰੀਤ ਸਿੰਘ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਅਤੇ ਉਸ ਦੇ ਦੋਸਤਾਂ ਨੇ ਹਰਪ੍ਰੀਤ ਦੀ ਲਾਸ਼ ਮੁਹਾਲੀ ਦੇ ਫੇਜ਼-3ਏ ਸਥਿਤ ਬੀਐਸਐਨਐਲ ਦਫ਼ਤਰ ਨੇੜੇ ਪਾਰਕ ਵਿੱਚ ਸੁੱਟ ਦਿੱਤੀ। ਮਟੌਰ ਪੁਲੀਸ ਨੇ ਅਗਲੇ ਦਿਨ 14 ਜਨਵਰੀ ਨੂੰ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ ਪ੍ਰੰਤੂ ਪੁਲੀਸ ਨੇ ਨੌਜਵਾਨਾਂ ਦੇ ਮਾਪਿਆਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਦੀ ਦੁਹਾਈ ਦੇਣ ਦੇ ਬਾਵਜੂਦ ਪੁਲੀਸ ਨੇ ਉਸ ਦੇ ਦੋਸਤਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਪੀੜਤ ਬਾਪ ਨੂੰ ਡੀਜੀਪੀ ਦੀ ਸ਼ਰਨ ਵਿੱਚ ਜਾਣਾ ਪਿਆ। ਡੀਜੀਪੀ ਦੇ ਨਿੱਜੀ ਦਖ਼ਲ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰਨ ਮਗਰੋਂ ਮ੍ਰਿਤਕ ਹਰਪ੍ਰੀਤ ਦੇ ਦੋਸਤਾਂ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 304, 211 ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਲੇਕਿਨ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸਨ। ਕੁੱਝ ਪਹਿਲਾਂ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਮੁਹਾਲੀ ਦੇ ਐਸਐਸਪੀ ਨਾਲ ਮੁਲਾਕਾਤ ਕਰਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …