ਸੀਬੀਆਈ ਅਦਾਲਤ ਵੱਲੋਂ ਸਾਬਕਾ ਇੰਸਪੈਕਟਰ ਤੇ ਥਾਣੇਦਾਰ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ

ਤਿੰਨ ਦਹਾਕੇ ਪਹਿਲਾਂ ਬੈਂਕ ਮੁਲਾਜ਼ਮ ਸਿੱਖ ਨੌਜਵਾਨ ਨੂੰ ਜ਼ਬਰਦਸਤੀ ਚੁੱਕ ਕੇ ਅਗਵਾ ਕਰਨ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਬੈਂਕ ਮੁਲਾਜ਼ਮ ਕੁਲਦੀਪ ਸਿੰਘ ਨੂੰ ਅਗਵਾ ਕਰਨ ਮਗਰੋਂ ਸਿੱਖ ਨੌਜਵਾਨ ਦਾ ਭੇਤਭਰੀ ਹਾਲਤ ਵਿੱਚ ਲਾਪਤਾ ਹੋਣ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਤਤਕਾਲੀ ਇੰਸਪੈਕਟਰ ਸੂਬਾ ਸਿੰਘ ਅਤੇ ਉਸ ਨਾਲ ਗੰਨਮੈਨ ਰਹੇ ਝਿਰਮਲ ਸਿੰਘ (ਥਾਣੇਦਾਰ) ਨੂੰ ਦੋਸ਼ੀ ਕਰਾਰ ਦਿੰਦਿਆਂ ਦੋਸ਼ੀ ਥਾਣੇਦਾਰ ਝਿਰਮਲ ਸਿੰਘ ਨੂੰ ਧਾਰਾ 365 ਵਿੱਚ 5 ਸਾਲ, ਧਾਰਾ 344 ਵਿੱਚ 3 ਸਾਲ ਅਤੇ ਧਾਰਾ 120ਬੀ ਵਿੱਚ ਦੋ ਸਾਲ ਅਤੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਨੂੰ ਧਾਰਾ 218 ਵਿੱਚ ਤਿੰਨ ਸਾਲ ਅਤੇ ਧਾਰਾ 120ਬੀ ਵਿੱਚ ਦੋ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਉਸ ਸਮੇਂ ਦੇ ਐਸਐਚਓ ਗੁਰਦੇਵ ਸਿੰਘ ਦੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਤਰਨ ਤਾਰਨ ਪੁਲੀਸ ਨੇ 1 ਜੂਨ 1992 ਵਿੱਚ ਕੁਲਦੀਪ ਸਿੰਘ ਵਾਸੀ ਕੋਟਲੀ ਸਰੂਖਾ (ਤਰਨ ਤਾਰਨ) ਨੂੰ ਲਾਰੈਂਸ ਰੋਡ ਅੰਮ੍ਰਿਤਸਰ ਵਿੱਚ ਰਹਿੰਦੇ ਕਿਸੇ ਜਾਣਕਾਰ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਥਾਣੇ ਵਿੱਚ ਡੱਕਿਆ ਗਿਆ। ਜਿੱਥੇ ਉਸ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ। ਕਰੀਬ ਇੱਕ ਮਹੀਨੇ ਬਾਅਦ ਪੁਲੀਸ ਨੇ 6 ਜੁਲਾਈ ਨੂੰ ਭਗੌੜਾ ਕਰਾਰ ਦਿੱਤਾ ਗਿਆ। ਇਸ ਸਬੰਧੀ ਪੀੜਤ ਪਰਿਵਾਰ ਨੇ ਉਸ ਸਮੇਂ ਦੀ ਕਾਂਗਰਸ ਸਰਕਾਰ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਤਰਲੇ ਕੱਢੇ ਗਏ ਕਿ ਬੈਂਕ ਮੁਲਾਜ਼ਮ ਦੀ ਕੋਈ ਥਹੁ ਪਤਾ ਦੱਸਿਆ ਜਾਵੇ ਲੇਕਿਨ ਕਿਸੇ ਅਧਿਕਾਰੀ ਅਤੇ ਹੁਕਮਰਾਨਾਂ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਪੀੜਤ ਪਰਿਵਾਰ ਨੇ ਕੁਲਦੀਪ ਸਿੰਘ ਨੂੰ ਕਥਿਤ ਤੌਰ ’ਤੇ ਫਰਜ਼ੀ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਵੀ ਦੋਸ਼ ਲਾਇਆ।
ਇਸ ਤਰ੍ਹਾਂ ਸਾਰੇ ਪਾਸਿਓਂ ਥੱਕ ਹਾਰ ਕੇ ਪੀੜਤ ਪਰਿਵਾਰ ਵੱਲੋਂ ਇਨਸਾਫ਼ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਬੂਹਾ ਖੜਕਾਇਆ ਗਿਆ। ਇਸ ਮਗਰੋਂ ਸੀਬੀਆਈ ਨੂੰ ਕੇਸ ਸੌਂਪ ਕੇ ਨਿਰਪੱਖ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ। ਸੀਬੀਆਈ ਨੇ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਨੇਪਰੇ ਚਾੜੀ ਅਤੇ ਤਰਨ ਤਾਰਨ ਪੁਲੀਸ ਦੇ ਤਤਕਾਲੀ ਐਸਐਚਓ ਗੁਰਦੇਵ ਸਿੰਘ, ਇੰਸਪੈਕਟਰ ਸੂਬਾ ਸਿੰਘ ਅਤੇ ਗੰਨਮੈਨ ਝਿਰਮਲ ਸਿੰਘ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਧਾਰਾ ਬੈਂਕ ਮੁਲਾਜ਼ਮ ਨੂੰ ਅਗਵਾ ਕਰਨ ਅਤੇ ਸਬੂਤ ਮਿਟਾਉਣ ਅਤੇ ਸਾਜ਼ਿਸ਼ ਰਚਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਅਦਾਲਤ ਨੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਅਤੇ ਥਾਣੇਦਾਰ ਝਿਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕ੍ਰਮਵਾਰ ਤਿੰਨ ਅਤੇ ਪੰਜ ਸਾਲ ਦੀ ਸਜਾ ਸੁਣਾਈ ਗਈ।
ਉਧਰ, ਦੂਜੇ ਪਾਸੇ ਬੈਂਕ ਮੁਲਾਜ਼ਮ ਕੁਲਦੀਪ ਸਿੰਘ ਦੇ ਬੇਟੇ ਸੰਦੀਪ ਸਿੰਘ ਅਤੇ ਪ੍ਰਭਦੀਪ ਸਿੰਘ ਸੀਬੀਆਈ ਅਦਾਲਤ ਦੇ ਇਸ ਫ਼ੈਸਲੇ ਤੋਂ ਨਾਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਇੱਕ ਤਾਂ 31 ਸਾਲ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਿਆ, ਦੂਜਾ ਦੋਸ਼ੀਆਂ ਨੂੰ ਜੁਰਮ ਦੇ ਮੁਕਾਬਲੇ ਸਜਾ ਵੀ ਬਹੁਤ ਘੱਟ ਦਿੱਤੀ ਗਈ ਹੈ। ਇਸ ਕੇਸ ਦੀ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਪੀੜਤ ਪਰਿਵਾਰ ਸੀਬੀਆਈ ਅਦਾਲਤ ਦੇ ਤਾਜ਼ਾ ਫ਼ੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੁਨੌਤੀ ਦੇਵੇਗਾ ਅਤੇ ਦੋਸ਼ੀਆਂ ਨੂੰ ਵੱਧ ਸਜਾ ਸੁਣਾਉਣ ਦੀ ਗੁਹਾਰ ਲਗਾਈ ਜਾਵੇਗੀ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…