Share on Facebook Share on Twitter Share on Google+ Share on Pinterest Share on Linkedin ਸੀਬੀਆਈ ਅਦਾਲਤ ਵੱਲੋਂ ਸੀਆਈਏ ਮਜੀਠਾ ਦੇ ਸਾਬਕਾ ਇੰਚਾਰਜ ਨੂੰ 3 ਸਾਲ ਦੀ ਕੈਦ ਤੇ ਜੁਰਮਾਨਾ ਨਬਜ਼-ਏ-ਪੰਜਾਬ, ਮੁਹਾਲੀ, 3 ਨਵੰਬਰ: ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਸਬੰਧੀ ਫ਼ਰਜ਼ੀ ਰਿਕਾਰਡ ਬਣਾਉਣ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਜ਼ਿਲ੍ਹਾ ਸੀਆਈਏ ਸਟਾਫ਼ ਮਜੀਠਾ (ਅੰਮ੍ਰਿਤਸਰ) ਦੇ ਤਤਕਾਲੀ ਇੰਚਾਰਜ ਤਰਸੇਮ ਲਾਲ ਨੂੰ ਦੋਸ਼ੀ ਠਹਿਰਾਉਂਦੇ ਹੋਏ ਤਿੰਨ ਸਾਲ ਦੀ ਕੈਦ, 50 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਵਾਈ ਹੈ। ਜਦੋਂਕਿ ਸਬੂਤਾਂ ਦੀ ਘਾਟ ਅਤੇ ਸ਼ਿਕਾਇਤਕਰਤਾ ਸਮੇਤ ਗਵਾਹਾਂ ਦੇ ਆਪਣੇ ਬਿਆਨਾਂ ਤੋਂ ਮੁਨਕਰ ਹੋਣ ਕਾਰਨ ਥਾਣਾ ਲੋਪੋਕੇ (ਅੰਮ੍ਰਿਤਸਰ) ਦੇ ਤਤਕਾਲੀ ਐਸਐਚਓ ਧਰਮ ਸਿੰਘ ਨੂੰ ਬਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਬ ਇੰਸਪੈਕਟਰ ਸਵਰਨ ਸਿੰਘ ਅਤੇ ਏਐਸਆਈ ਅਵਤਾਰ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਤਰਸੇਮ ਲਾਲ ਅਤੇ ਧਰਮ ਸਿੰਘ ਪਹਿਲਾਂ ਵੀ ਫ਼ਰਜ਼ੀ ਪੁਲੀਸ ਮੁਕਾਬਲੇ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਹੇ ਹਨ। ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਬਾਜਵਾ ਨੇ ਦੱਸਿਆ ਕਿ 13 ਦਸੰਬਰ 1992 ਨੂੰ ਅੰਮ੍ਰਿਤਸਰ ਪੁਲੀਸ ਨੇ ਪਿੰਡ ਖ਼ਿਆਲਾ ਦੇ ਵਸਨੀਕ ਕਸ਼ਮੀਰ ਸਿੰਘ, ਉਸ ਦੇ ਦੋ ਪੁੱਤਰਾਂ ਬਲਜੀਤ ਸਿੰਘ ਅਤੇ ਰਾਜਵੰਤ ਸਿੰਘ ਨੂੰ ਘਰੋਂ ਚੁੱਕ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਤਾਂ ਛੱਡ ਦਿੱਤਾ ਪ੍ਰੰਤੂ ਪੰਜਾਬ ਪੁਲੀਸ ਵਿੱਚ ਹੀ ਤਾਇਨਾਤ ਐਸਪੀਓ ਦਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਪ੍ਰੰਤੂ ਬਾਅਦ ਵਿੱਚ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਪੀੜਤ ਪਰਿਵਾਰ ਕਾਫ਼ੀ ਸਮਾਂ ਉਸ ਸਮੇਂ ਦੀ ਪੰਜਾਬ ਸਰਕਾਰ ਅਤੇ ਪੁਲੀਸ ਅਫ਼ਸਰਾਂ ਦੇ ਤਰਲੇ ਕੱਢਦਾ ਰਿਹਾ ਲੇਕਿਨ ਕਿਸੇ ਨੇ ਉਸ ਦੀ ਬਾਂਹ ਨਹੀਂ ਫੜੀ। ਬੇਵੱਸ ਪਿਤਾ ਨੇ ਥੱਕ ਹਾਰ ਕੇ 1994 ਵਿੱਚ ਇਨਸਾਫ਼ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਤਾਂ ਉੱਚ ਅਦਾਲਤ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਨੂੰ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਗਏ। ਪੜਤਾਲ ਦੌਰਾਨ ਪੁਲੀਸ ਵੱਲੋਂ ਦੱਸਿਆ ਕਿ ਜਗੀਰ ਸਿੰਘ ਨਾਂਅ ਦੇ ਨੌਜਵਾਨ ਨਾਲ ਦਲਜੀਤ ਸਿੰਘ ਵੀ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਵਕੀਲਾਂ ਨੇ ਦੱਸਿਆ ਕਿ ਬਾਅਦ ਵਿੱਚ ਇਹ ਕੇਸ ਸੀਬੀਆਈ ਨੂੰ ਸੌਂਪਿਆ ਗਿਆ। ਸੀਬੀਆਈ ਨੇ ਮੁੱਢਲੀ ਜਾਂਚ ਤੋਂ ਬਾਅਦ ਜ਼ਿਲ੍ਹਾ ਸੀਆਈਏ ਸਟਾਫ਼ ਮਜੀਠਾ (ਅੰਮ੍ਰਿਤਸਰ) ਦੇ ਤਤਕਾਲੀ ਇੰਚਾਰਜ ਤਰਸੇਮ ਲਾਲ, ਥਾਣਾ ਲੋਪੋਕੇ (ਅੰਮ੍ਰਿਤਸਰ) ਦੇ ਤਤਕਾਲੀ ਐਸਐਚਓ ਧਰਮ ਸਿੰਘ, ਸਬ ਇੰਸਪੈਕਟਰ ਸਵਰਨ ਸਿੰਘ ਅਤੇ ਏਐਸਆਈ ਅਵਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਸਾਲ 2001 ਵਿੱਚ ਉਕਤ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ। ਵਕੀਲਾਂ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਪੁਲੀਸ ਨੇ ਜਗੀਰ ਸਿੰਘ ਨਾਂਅ ਦੇ ਜਿਸ ਵਿਅਕਤੀ ਨੂੰ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾਇਆ ਸੀ, ਉਹ ਸਹੀ ਸਲਾਮਤ ਜਿਊਂਦਾ ਮਿਲ ਗਿਆ। ਜਗੀਰ ਸਿੰਘ ਖ਼ੁਦ ਹੀ ਸਤੰਬਰ 2023 ਵਿੱਚ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋ ਗਿਆ। ਇਸ ਤਰ੍ਹਾਂ ਪੂਰੇ ਮਾਮਲੇ ਨੇ ਨਵਾਂ ਮੋੜ ਲੈ ਲਿਆ। ਇੰਜ ਸ਼ਿਕਾਇਤ ਕਰਤਾ ਸਮੇਤ ਲਗਪਗ ਸਾਰੇ ਗਵਾਹ ਆਪਣੇ ਬਿਆਨਾਂ ਤੋਂ ਮੁਕਰ ਗਏ ਅਤੇ ਧਾਰਾ 364 ਵਿੱਚ ਲੋਪੋਕੇ ਥਾਣਾ ਦੇ ਐਸਐਚਓ ਧਰਮ ਸਿੰਘ ਨੂੰ ਬਰੀ ਕਰ ਦਿੱਤਾ ਜਦੋਂਕਿ ਜ਼ਿਲ੍ਹਾ ਸੀਆਈਏ ਸਟਾਫ਼ ਮਜੀਠਾ (ਅੰਮ੍ਰਿਤਸਰ) ਦੇ ਤਤਕਾਲੀ ਇੰਚਾਰਜ ਤਰਸੇਮ ਲਾਲ ਨੂੰ ਧਾਰਾ 218 ਅਧੀਨ ਫ਼ਰਜ਼ੀ ਪੁਲੀਸ ਮੁਕਾਬਲੇ ਦੇ ਨਕਲੀ ਦਸਤਾਵੇਜ਼ ਤਿਆਰ ਕਰਨ ਦਾ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਜੁਰਮਾਨੇ ਦੀ ਰਾਸ਼ੀ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਦੋਸ਼ੀ ਨੂੰ 6 ਮਹੀਨੇ ਵਾਧੂ ਸਮਾਂ ਸਜ਼ਾ ਭੁਗਤਨੀ ਪਵੇਗੀ। ਉਂਜ ਅਦਾਲਤ ਨੇ ਦੋਸ਼ੀ ਨੂੰ 30 ਦਿਨਾਂ ਦੇ ਅੰਦਰ-ਅੰਦਰ ਮੁਹਾਲੀ ਅਦਾਲਤ ਦੇ ਫ਼ੈਸਲੇ ਨੂੰ ਕਿਸੇ ਉੱਚ ਅਦਾਲਤ ਵਿੱਚ ਚੁਨੌਤੀ ਦੇਣ ਦੀ ਮੋਹਲਤ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ