
ਕੇਂਦਰ ਬਾਸਮਤੀ ’ਤੇ 1200 ਡਾਲਰ ਪ੍ਰਤੀ ਟਨ ਬਰਾਮਦਗੀ ’ਤੇ ਲਾਈ ਸ਼ਰਤ ਤੁਰੰਤ ਵਾਪਸ ਲਵੇ: ਸਿੱਧੂ
‘ਇਸ ਫ਼ੈਸਲੇ ਨਾਲ ਘਾਟੇ ਦਾ ਧੰਦਾ ਬਣੀ ਹੋਈ ਖੇਤੀ ਵਿਚ ਹੋਰ ਵੀ ਨਿਗਾਰ ਆਵੇਗਾ’
ਨਬਜ਼-ਏ-ਪੰਜਾਬ, ਮੁਹਾਲੀ, 14 ਸਤੰਬਰ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਬਾਸਮਤੀ ਦੀ ਬਰਾਮਦ ’ਤੇ 1200 ਡਾਲਰ ਪ੍ਰਤੀ ਟਨ ਦੀ ਘੱਟੋ-ਘੱਟ ਕੀਮਤ ਦੀ ਲਗਾਈ ਸ਼ਰਤ ਤੁਰੰਤ ਵਾਪਸ ਲਵੇ ਕਿਉਂਕਿ ਇਸ ਨਾਲ ਖੇਤੀ ਵਿੱਚ ਹੋਰ ਨਿਗਾਰ ਆ ਜਾਵੇਗਾ। ਅੱਜ ਇੱਥੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਇਸ ਸ਼ਰਤ ਕਾਰਨ ਪਿਛਲੇ ਦਿਨੀਂ ਇੰਸਤਾਬੁਲ ਵਿੱਚ ਹੋਏ ਵਿਸ਼ਵ ਖ਼ੁਰਾਕ ਨੁਮਾਇਸ਼ ਵਿੱਚ ਭਾਰਤੀ ਵਪਾਰੀਆਂ ਨੂੰ ਬਾਸਮਤੀ ਦਾ ਇਕ ਵੀ ਨਵਾਂ ਆਰਡਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬਾਸਮਤੀ ਖ਼ਰੀਦਣ ਵਾਲੇ ਕੌਮਾਂਤਰੀ ਵਪਾਰੀਆਂ ਵੱਲੋਂ ਪਾਕਿਸਤਾਨ, ਅਮਰੀਕਾ ਅਤੇ ਕਈ ਹੋਰ ਮੁਲਕਾਂ ਤੋਂ ਮਿਲ ਰਹੀ ਸਸਤੀ ਬਾਸਮਤੀ ਨੂੰ ਤਰਜੀਹ ਦਿੱਤੀ ਗਈ।
ਭਾਜਪਾ ਆਗੂ ਨੇ ਕਿਹਾ ਕਿ ਜੇ ਵਪਾਰੀਆਂ ਨੂੰ ਬਾਸਮਤੀ ਦੇ ਆਰਡਰ ਨਹੀਂ ਮਿਲ ਰਹੇ ਤਾਂ ਬਿਲਕੁਲ ਸਪੱਸ਼ਟ ਹੈ ਕਿ ਕੇਂਦਰ ਦੇ ਇਸ ਫ਼ੈਸਲੇ ਨਾਲ ਮੁਲਕ ਵਿੱਚ ਬਾਸਮਤੀ ਦੀਆਂ ਕੀਮਤਾਂ ਡਿੱਗਣਗੀਆਂ ਅਤੇ ਇਸ ਦਾ ਸਭ ਤੋਂ ਮਾੜਾ ਅਸਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਕਿਸਾਨਾਂ ’ਤੇ ਪਵੇਗਾ। ਇਹੀ ਨਹੀਂ ਹਰਿਆਣਾ ਦੇ ਕਿਸਾਨਾਂ ਨੂੰ ਘਾਟਾ ਪਵੇਗਾ ਜੋ ਬਾਸਮਤੀ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਤਾਜ਼ਾ ਫ਼ੈਸਲੇ ਨਾਲ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ ਅਤੇ ਬਾਸਮਤੀ ਚਾਵਲ ਨਾਲ ਜੁੜੇ ਵਪਾਰੀਆਂ ਅਤੇ ਸਨਅਤਕਾਰਾਂ ਨੂੰ ਵੀ ਘਾਟਾ ਪਵੇਗਾ। ਉਨ੍ਹਾਂ ਕਿਹਾ ਕਿ ਖੇਤੀ ਪੰਜਾਬ ਦੀ ਆਰਥਿਕਤਾ ਦੀ ਰੀਡ ਦੀ ਹੱਡੀ ਹੈ। ਇਸ ਫ਼ੈਸਲੇ ਦਾ ਸੂਬੇ ਦੀ ਆਰਥਿਕਤਾ ’ਤੇ ਮਾੜਾ ਅਸਰ ਪਵੇਗਾ।
ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਦੇ ਇਸ ਫ਼ੈਸਲੇ ਨਾਲ ਸਿਰਫ਼ ਬਹੁਕੌਮੀ ਕੰਪਨੀਆਂ ਜਾਂ ਜ਼ਮਾਂਖੋਰਾਂ ਨੂੰ ਫਾਇਦਾ ਹੋਵੇਗਾ, ਜੋ ਹੁਣ ਡਿੱਗੀਆਂ ਕੀਮਤਾਂ ਉੱਤੇ ਬਾਸਮਤੀ ਖ਼ਰੀਦ ਕੇ ਭੰਡਾਰ ਕਰ ਲੈਣਗੇ ਅਤੇ ਬਾਅਦ ਵਿੱਚ ਮਹਿੰਗੇ ਭਾਅ ’ਤੇ ਵੇਚਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫ਼ੈਸਲੇ ਨਾਲ ਭਾਜਪਾ ਦੀ ਸਾਖ ਨੂੰ ਧੱਕਾ ਲੱਗੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਅਤੇ ਕਾਰਖ਼ਾਨੇਦਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਾਸਮਤੀ ਬਰਾਮਦ ’ਤੇ ਲਾਈ ਘੱਟੋ-ਘੱਟ ਕੀਮਤ ਦੀ ਸ਼ਰਤ ਤੁਰੰਤ ਹਟਾਈ ਜਾਵੇ।