ਕੋਵੀਸ਼ੀਲਡ ਬਾਰੇ ਤੁਰੰਤ ਸਥਿਤੀ ਸਪੱਸ਼ਟ ਕਰੇ ਕੇਂਦਰ ਸਰਕਾਰ: ਡਿਪਟੀ ਮੇਅਰ ਕੁਲਜੀਤ ਬੇਦੀ

ਐਕਸਟਰਾ ਜੈਨਕਾ ਦੇ ਲੰਡਨ ਵਿੱਚ ਦਿੱਤੇ ਹਲਫ਼ਨਾਮੇ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਤਣਾਅ ਤੇ ਘਬਰਾਹਟ

ਨਬਜ਼-ਏ-ਪੰਜਾਬ, ਮੁਹਾਲੀ, 1 ਮਈ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐਸਟਰਾਜੈਨਿਕਾ ਵੱਲੋਂ ਇਹ ਮੰਨੇ ਜਾਣ ਕਿ ਕੋਵੀਸ਼ੀਲਡ ਵੈਕਸੀਨ ਦੇ ਭਾਰਤ ਵਿੱਚ ਦੁਰਲਭ ਮਾੜੇ ਪ੍ਰਭਾਵ ਹੋ ਸਕਦੇ ਹਨ, ਨੂੰ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਦੱਸਦਿਆਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਤੁਰੰਤ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਵਾਈ ਦੇ ਤਾਜ਼ਾ ਖ਼ੁਲਾਸੇ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਆਈਸੀਐਮਈਆਰ ਦੀ ਇੱਕ ਰਿਪੋਰਟ ਵਿੱਚ ਵੀ ਮੰਨਿਆ ਗਿਆ ਕਿ 18 ਤੋਂ 45 ਸਾਲ ਤੱਕ ਦੇ ਵਿਅਕਤੀਆਂ ’ਚੋਂ 6.50 ਫੀਸਦੀ ਲੋਕਾਂ ਦੀ ਅਚਾਨਕ ਮੌਤ ਹੋਈ ਹੈ।
ਅੱਜ ਇੱਥੇ ਕੁਲਜੀਤ ਬੇਦੀ ਨੇ ਕਿਹਾ ਕਿ ਐਸਟਰਾਜੈਨਿਕਾ ਦੇ ਇਸ ਖ਼ੁਲਾਸੇ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਘਬਰਾਹਟ ਅਤੇ ਤਣਾਅ ਫੈਲ ਗਿਆ ਹੈ। ਕੰਪਨੀ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਵੀਸ਼ੀਲਡ ਬਹੁਤ ਘੱਟ ਮਾਮਲਿਆਂ ਵਿੱਚ ਅਜਿਹੀ ਸਥਿਤੀ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਖੂਨ ਦੇ ਥੱਕੇ ਬਣ ਸਕਦੇ ਹਨ ਅਤੇ ਪਲੇਟਲੈਟ ਦੀ ਗਿਣਤੀ ਘੱਟ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਕੋਵੀਸ਼ੀਲਡ ਵੈਕਸੀਨ ਨੂੰ ਦੇਸ਼ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ਲੋਕਾਂ ਨੂੰ ਇਹੀ ਵੈਕਸੀਨ ਲੱਗੀ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਕਿਉਂਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਅੰਕੜੇ ਦੱਸਦੇ ਹਨ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ ਦੀ ਖ਼ੁਰਾਕ ਲੈਣ ਤੋਂ ਬਾਅਦ ਤਬੀਅਤ ਖ਼ਰਾਬ ਹੋਣ ’ਤੇ ਹਸਪਤਾਲ ਵਿੱਚ ਦਾਖ਼ਲ ਕੀਤੇ ਗਏ 520 ਲੋਕਾਂ ਦੀ ਇਲਾਜ ਦੇ ਦੌਰਾਨ ਮੌਤ ਹੋਈ ਹੈ। ਦੂਜੇ ਪਾਸੇ ਇੱਕ ਅਖ਼ਬਾਰ ਦਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਸਰਵੇ ਇਹ ਦੱਸਦਾ ਹੈ ਕਿ ਇੱਥੇ ਹਰ ਤੀਜੇ ਵਿਅਕਤੀ ਦੀ ਮੌਤ ਅਚਾਨਕ ਹੋਈ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਹਰੇਕ ਨਾਗਰਿਕ ਦਾ ਟੀਕਾਕਰਨ ਕੀਤਾ ਗਿਆ ਸੀ। ਜੇਕਰ ਟੀਕਾਕਰਨ ਸਬੰਧੀ ਨਾਗਰਿਕ ਕੋਲ ਸਬੂਤ ਨਹੀਂ ਹੁੰਦਾ ਸੀ ਤਾਂ ਉਸ ਨੂੰ ਫਲਾਈਟ ਵਿੱਚ ਬੈਠਣ ਤੋਂ ਰੋਕਿਆ ਜਾਂਦਾ ਸੀ। ਉਨ੍ਹਾਂ ਇਹ ਵੀ ਚੇਤੇ ਕਰਵਾਇਆ ਕਿ ਟੈਨਿਸ ਦੇ ਖਿਡਾਰੀ ਜੋਕੋਵਿੱਚ ਵੱਲੋਂ ਟੀਕਾ ਲਗਾਉਣ ਤੋਂ ਨਾਂਹ ਕਰਨ ’ਤੇ ਉਸ ਨੂੰ ਆਸਟਰੇਲੀਅਨ ਓਪਨ ਵਿੱਚ ਖੇਡਣ ਨਹੀਂ ਦਿੱਤਾ ਗਿਆ ਸੀ। ਜਿਸ ਨਾਲ ਉਸਦੀ ਰੈਂਕਿੰਗ ਡਿੱਗੀ ਸੀ।
ਡਿਪਟੀ ਮੇਅਰ ਨੇ ਕਿਹਾ ਕਿ ਪਹਿਲਾਂ ਹੀ ਕੋਵਿਡ ਕਾਰਨ ਦੇਸ਼ ਵਿੱਚ ਹੋਈਆਂ ਮੌਤਾਂ ਦੇ ਸਰਕਾਰੀ ਅੰਕੜਿਆਂ ’ਤੇ ਸਵਾਲ ਖੜੇ ਹੁੰਦੇ ਰਹੇ ਹਨ। ਲਿਹਾਜ਼ਾ ਦੇਸ਼ ਦੇ ਲੋਕਾਂ ਦੇ ਇਹ ਸ਼ੰਕੇ ਫੌਰੀ ਦੂਰ ਹੋਣੇ ਚਾਹੀਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਦੋ ਵੈਕਸੀਨ ਦੇ ਟੀਕੇ ਅਤੇ ਬੂਸਟਰ ਦੇ ਰੂਪ ਵਿੱਚ ਤੀਜਾ ਟੀਕਾ ਲਗਵਾਇਆ ਸੀ, ਕੀ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਹੈ? ਇਸ ਸਬੰਧੀ ਕੇਂਦਰ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…