ਸਵੱਛ ਭਾਰਤ ਮਿਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਮੁਹਾਲੀ ਪਹੁੰਚੀ, ਅਧਿਕਾਰੀਆਂ ਦੀ ਸ਼ਲਾਘਾ

ਕੇਂਦਰੀ ਮਕਾਨ ਤੇ ਸ਼ਹਿਰੀ ਮੰਤਰਾਲਾ ਭਾਰਤ ਸਰਕਾਰ ਦੇ ਸਕੱਤਰ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ

ਨਬਜ਼-ਏ-ਪੰਜਾਬ, ਮੁਹਾਲੀ, 16 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਵੱਛ ਭਾਰਤ ਮਿਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰੀ ਮਕਾਨ ਤੇ ਸ਼ਹਿਰੀ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੇ ਸਕੱਤਰ ਮਨੋਜ ਜੋਸ਼ੀ ਦੀ ਅਗਵਾਈ ਹੇਠ ਅੱਜ ਇੱਕ ਵਿਸ਼ੇਸ਼ ਕੇਂਦਰੀ ਟੀਮ ਮੁਹਾਲੀ ਪਹੁੰਚੀ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਮੁਹਾਲੀ ਸ਼ਹਿਰ ਵਿੱਚ ਗਮਾਡਾ ਅਧੀਨ ਪੈਂਦੇ ਇਲਾਕਿਆਂ ਐਰੋਸਿਟੀ, ਏਅਰੋਟਰੋਪੋਲਿਸ, ਸੈਕਟਰ-123 ਸਥਿਤ ਕਜੌਲੀ ਤੋਂ ਸਿੱਧੇ ਨਹਿਰੀ ਪਾਣੀ ਦੀ ਸਪਲਾਈ ਵਾਲੇ ‘ਵਾਟਰ ਟਰੀਟਮੈਂਟ ਪਲਾਂਟ’ ਅਤੇ ਫੇਜ਼-3-ਏ, ਮੁਹਾਲੀ ਸਥਿਤ ਐਮਆਰਐੱਫ਼ ਸਾਈਟ ਅਤੇ ਡੇਰਾਬੱਸੀ ਵਿੱਚ ‘ਵੇਸਟ ਪ੍ਰੋਸੈਸਿੰਗ ਪਲਾਂਟ’ ਦਾ ਜਾਇਜ਼ਾ ਲਿਆ। ਟੀਮ ਨਾਲ ਨੋਡਲ ਅਫ਼ਸਰ ਵਜੋਂ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਮੌਜੂਦ ਰਹੇ।
ਡੀਸੀ ਆਸ਼ਿਕਾ ਜੈਨ ਦੇ ਦੱਸਣ ਅਨੁਸਾਰ ਭਾਰਤ ਸਰਕਾਰ ਦੀ ਇਸ ਉੱਚ ਪੱਧਰੀ ਕੇਂਦਰੀ ਟੀਮ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਹੋ ਰਹੇ ਕਾਰਜਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਦੀ ਭਰਵੀਂ ਸ਼ਲਾਘਾ ਵੀ ਕੀਤੀ। ਟੀਮ ਨੇ ਪੰਜਾਬ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਆਪਕ ਵਿਚਾਰ-ਵਟਾਂਦਰਾ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਦੌਰੇ ਦਾ ਉਦੇਸ਼ ਸਵੱਛ ਭਾਰਤ ਮਿਸ਼ਨ ਅਧੀਨ ਚੱਲ ਰਹੀਆਂ ਪਹਿਲਕਦਮੀਆਂ ਦੀ ਸਮੀਖਿਆ ਕਰਨਾ ਸੀ। ਕੇਂਦਰੀ ਟੀਮ ਨੇ ਪ੍ਰੋਗਰਾਮ ਦੇ ਉਦੇਸ਼ਾਂ ਦੀ ਪ੍ਰਾਪਤੀ ਅਤੇ ਪੰਜਾਬ ਰਾਜ ਵਿੱਚ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਰਾਜ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਹ ਦੌਰਾ ਮਿਸ਼ਨ ਦੀ ਪ੍ਰਗਤੀ ਵਧਾਉਣ ਲਈ ਰਾਜ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਡੀਸੀ ਸ੍ਰੀਮਤੀ ਆਸ਼ਿਕਾ ਜੈਨ ਅਨੁਸਾਰ ਜ਼ਿਲ੍ਹੇ ਵਿੱਚ ਸਵੱਛ ਭਾਰਤ ਮਿਸ਼ਨ ਦੇ ਟੀਚਿਆਂ ਦੀ ਪ੍ਰਾਪਤੀ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਇਸ ਦਿਸ਼ਾ ਵਿੱਚ ਦਿਨ ਰਾਤ ਇਕ ਕਰ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕੇਂਦਰੀ ਟੀਮ ਨੇ ਨਗਰ ਕੌਂਸਲ ਕੁਰਾਲੀ ਦਾ ਵੀ ਦੌਰਾ ਕੀਤਾ। ਕੁਰਾਲੀ ਵਿਖੇ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਸਾਈਟ ਦਾ ਡੂੰਘਾਈ ਨਾਲ ਨਿਰੀਖਣ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…