ਕੇਂਦਰੀ ਟੀਮ ਨੇ ਮੁਹਾਲੀ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਜਾਇਜ਼ਾ ਲਿਆ

ਕਿਸਾਨਾਂ ਨੇ ਟੀਮ ਨੂੰ ਹੜ੍ਹਾਂ ਤੇ ਘੱਗਰ ਦੀ ਵਿਆਪਕ ਤਬਾਹੀ ਦਿਖਾਉਂਦੇ ਹੋਏ ਵੱਧ ਤੋਂ ਵੱਧ ਮੁਆਵਜ਼ਾ ਮੰਗਿਆ

ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਨੇ ਨਦੀਆਂ/ਨਾਲਿਆਂ ’ਚ ਆਏ ਹੜ੍ਹਾਂ ਦੇ ਨੁਕਸਾਨ ਬਾਰੇ ਦੱਸਿਆ

ਆਸ਼ਿਕਾ ਜੈਨ ਨੇ ਘੱਗਰ ਬੈਲਟ ਵਿੱਚ ਜ਼ਮੀਨਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਟੀਮ ਅੱਗੇ ਰੱਖੇ ਸੁਝਾਅ

ਨਬਜ਼-ਏ-ਪੰਜਾਬ, ਡੇਰਾਬੱਸੀ, 8 ਅਗਸਤ:
ਪੰਜਾਬ ਸਰਕਾਰ ਵੱਲੋਂ ਭਾਰੀ ਮੀਂਹ, ਦਰਿਆਵਾਂ, ਨਾਲਿਆਂ ਵਿੱਚ ਆਏ ਬੇਤਹਾਸ਼ਾ ਪਾਣੀ ਕਾਰਨ ਪੰਜਾਬ ਦੇ ਲੋਕਾਂ ਖ਼ਾਸ ਤੌਰ ਉੱਤੇ ਕਿਸਾਨੀ ਦੀ ਆਰਥਿਕਤਾ ਨੂੰ ਵੱਜੀ ਵੱਡੀ ਸੱਟ ਦੇ ਮੱਦੇਨਜ਼ਰ ਰਾਹਤ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਮੱਦੇਨਜ਼ਰ ਅੱਜ ਅੰਤਰ ਮੰਤਰਾਲਾ ਕੇਂਦਰੀ ਟੀਮ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡਾਂ ਡੇਹਰ, ਆਲਮਗੀਰ, ਟਿਵਾਣਾ, ਖਜ਼ੂਰ ਮੰਡੀ ਤੇ ਸਰਸੀਣੀ ਦੇ ਇਲਾਕਿਆਂ ਵਿੱਚ ਨੁਕਸਾਨੀਆਂ ਜ਼ਮੀਨਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੇਂਦਰੀ ਟੀਮ ਨੇ ਜਿੱਥੇ ਸਥਾਨਕ ਅਧਿਕਾਰੀਆਂ ਤੋਂ ਹੋਏ ਨੁਕਸਾਨ ਦੇ ਵੇਰਵੇ ਲਏ, ਉੱਥੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਕਿਸਾਨਾਂ ਨੇ ਬਹੁਤ ਹੀ ਵਿਸਥਾਰ ਵਿਚ ਹੋਏ ਨੁਕਸਾਨ ਬਾਰੇ ਦੱਸਿਆ ਅਤੇ ਜ਼ਿੰਦਗੀ ਮੁੜ ਲੀਹ ’ਤੇ ਲੈ ਕੇ ਆਉਣ ਬਾਬਤ ਸੁਝਾਅ ਵੀ ਦਿੱਤੇ ਅਤੇ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਿੱਥੇ ਸੂਬੇ ਵਿੱਚ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਵਿਆਪਕ ਪੱਧਰ ’ਤੇ ਹੋਏ ਨੁਕਸਾਨ ਬਾਰੇ ਦੱਸਿਆ ਉੱਥੇ ਉਨ੍ਹਾਂ ਨੇ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਅਤੇ ਜਾਰੀ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ। ਕੇਂਦਰੀ ਟੀਮ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਘੱਗਰ ਵੱਲੋਂ ਮਚਾਈ ਤਬਾਹੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਘੱਗਰ ਬੈਲਟ ‘ਚ ਖੇਤੀ ਜ਼ਮੀਨਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਟੀਮ ਅੱਗੇ ਸੁਝਾਅ ਵੀ ਰੱਖੇ। ਉਨ੍ਹਾਂ ਦੱਸਿਆ ਕਿ ਘੱਗਰ ਬੈਲਟ ਦੇ ਇਸ ਹਿੱਸੇ ਵਿੱਚ ਵੱਖ-ਵੱਖ ਥਾਵਾਂ ਤੋਂ ਘੱਗਰ ਦੇ ਬੰਨ੍ਹ ਟੁੱਟਣ ਨਾਲ ਸੈਂਕੜੇ ਏਕੜ ਖੇਤਾਂ ਵਿੱਚ ਮਿੱਟੀ/ਰੇਤ ਦੀ ਕਈ-ਕਈ ਫੁੱਟ ਦੀ ਮੋਟੀ ਤਹਿ ਜਮ ਗਈ ਹੈ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਖੇਤ, ਮਿੱਟੀ ਰੁੜ੍ਹ ਜਾਣ ਕਾਰਨ ਵੱਡੇ ਟੋਇਆਂ ਵਿੱਚ ਬਦਲ ਗਏ ਹਨ, ਜਿਸ ਕਾਰਨ ਇਨ੍ਹਾਂ ਨੂੰ ਮੁੜ ਕਾਸ਼ਤ ਕਰਨਯੋਗ ਬਣਾਉਣ ਲਈ ਲੰਮਾਂ ਸਮੇਂ, ਮਿਹਨਤ ਅਤੇ ਵਿੱਤ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਚਾਰ ਪੰਜ ਪਿੰਡਾਂ ਵਿਚ ਹੀ ਘੱਗਰ ਦਾ ਬੰਨ੍ਹ ਹਜ਼ਾਰਾਂ ਫੁਟ ਪਾੜ ਦੀ ਮਾਰ ਹੇਠ ਆਇਆ ਅਤੇ ਦਰਿਆ ਨੇ ਆਪਣੇ ਵਹਿਣ ਦੀ ਦਿਸ਼ਾ ਬਦਲ ਕੇ ਲੋਕਾਂ ਦੇ ਖੇਤਾਂ ਵਿੱਚ ਦੀ ਕਰ ਲਈ। ਇਸ ਖੇਤਰ ਵਿਚ ਘੱਗਰ ਦੀ ਮਾਰ ਹੇਠ ਆ ਕੇ 115 ਏਕੜ ਜ਼ਮੀਨ ਖੁਰ ਗਈ ਹੈ ਤੇ 659 ਏਕੜ ਵਿੱਚ ਗਾਰ ਜਮ੍ਹਾਂ ਹੋ ਗਈ ਹੈ।
ਸ੍ਰੀਮਤੀ ਜੈਨ ਨੇ ਕਿਹਾ ਕਿ ਘੱਗਰ ਦੇ ਡੇਹਰ-ਆਲਮਗੀਰ-ਟਿਵਾਣਾ ਲਿੰਕ ਬੰਨ੍ਹ ਵਿੱਚ ਪਏ ਪਾੜ ਨੂੰ ਸਫਲਤਾ ਪੂਰਵਕ ਪੂਰ ਲਿਆ ਗਿਆ ਹੈ। ਟਿਵਾਣਾ -ਖਜੂਰ ਮੰਡੀ ਵਾਲਾ ਪਾੜ ਜਿਸ ਨੇ ਸਰਸੀਣੀ ਅਤੇ ਨਾਲ ਲਗਦੇ ਇਲਾਕਿਆਂ ਨੂੰ ਵੱਡੀ ਮਾਰ ਮਾਰੀ ਹੈ, ਨੂੰ ਪੂਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨੇ ਇਸ ਜ਼ਿਲ੍ਹੇ ਵਿੱਚ ਜ਼ਿਆਦਾ ਮਾਰ ਡੇਰਾਬੱਸੀ ਸਬ ਡਵੀਜ਼ਨ ਅਤੇ ਖਰੜ ਸਬ ਡਵੀਜ਼ਨ ਵਿਚ ਕੀਤੀ ਹੈ, ਕਿਓਂ ਜੋ ਡੇਰਾਬਸੀ ਵਿੱਚ ਘੱਗਰ ਦੇ ਨਾਲ ਝਰਮਲ ਨਦੀ, ਸੁਖਨਾ ਚੋਅ ਅਤੇ ਕੌਸ਼ਲਿਆ ਡੈਮ ਦਾ ਪਾਣੀ ਮਾਰ ਕਰਦਾ ਹੈ। ਜਦੋਂਕਿ ਖਰੜ ਇਲਾਕੇ ਵਿੱਚ ਪਟਿਆਲਾ ਕੀ ਰਾਓ, ਜੈਅੰਤੀ ਕੀ ਰਾਓ, ਐੱਸਵਾਈਐੱਲ ਨੇ ਨੁਕਸਾਨ ਪਹੁੰਚਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਕਈ ਥਾਂ ਲੋਕਾਂ ਦੀ ਫੌਰੀ ਲੋੜ ਨੂੰ ਮਹਿਸੂਸ ਕਰਦੇ ਹੋਏ ਡਿੱਗੇ ਮਕਾਨ ਮੁੜ ਉਸਾਰਨ ਸਬੰਧੀ ਮੁਆਵਜ਼ੇ ਦੀ ਵੰਡ ਵੀ ਕਰ ਦਿੱਤੀ ਗਈ ਹੈ।

ਇਸ ਮੌਕੇ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸ੍ਰੀਮਤੀ ਇੰਦੂ ਮਲਹੋਤਰਾ ਵੀ ਮੌਜੂਦ ਸਨ। ਕੇਂਦਰੀ ਟੀਮ ਵਿੱਚ ਰਵੀਨੇਸ਼ ਕੁਮਾਰ, ਵਿੱਤ ਸਲਾਹਕਾਰ, ਐਨਡੀਐਮਏ, ਗ੍ਰਹਿ ਮੰਤਰਾਲਾ, ਨਵੀਂ ਦਿੱਲੀ, ਬੀਕੇ ਸ੍ਰੀਵਾਸਤਵ, ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਨਵੀਂ ਦਿੱਲੀ, ਡਾ. ਏਵੀ ਸੁਰੇਸ਼ ਬਾਬੂ, ਮੁਖੀ ਹੜ੍ਹ ਮੈਪਿੰਗ ਅਤੇ ਸਾਇੰਟਿਸਟ/ਇੰਜੀਨੀਅਰ-ਐਸਜੀ ਹਜ਼ਰਡ ਅਸੈਸਮੈਂਟ ਡਿਵੀਜ਼ਨ, ਡਿਜ਼ਾਸਟਰ ਮੈਨੇਜਮੈਂਟ ਸਪੋਰਟ ਗਰੁੱਪ, ਰਿਮੋਟ ਸੈਂਸਿੰਗ ਐਪਲੀਕੇਸ਼ਨ ਏਰੀਆ ਸਪੇਸ ਵਿਭਾਗ, ਕੈਲਾਸ਼ ਕੁਮਾਰ, ਅਧੀਨ ਸਕੱਤਰ, ਪੇਂਡੂ ਵਿਕਾਸ ਮੰਤਰਾਲਾ ਨਵੀਂ ਦਿੱਲੀ, ਅਸ਼ੋਕ ਕੁਮਾਰ ਜੈਫ, ਡਾਇਰੈਕਟਰ, ਕੇਂਦਰੀ ਜਲ ਕਮਿਸ਼ਨ, ਸ੍ਰੀਮਤੀ ਅੰਜਲੀ ਮੌਰਿਆ, ਸਹਾਇਕ ਡਾਇਰੈਕਟਰ ਖਰਚਾ ਵਿਭਾਗ, ਵਿੱਤ ਮੰਤਰਾਲਾ, ਨਵੀਨ ਕੁਮਾਰ ਚੌਰਸੀਆ, ਪ੍ਰਤੀਨਿਧ, ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ, ਐੱਸਡੀਐਮ ਹਿਮਾਂਸ਼ੂ ਗੁਪਤਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …