ਮੁੱਖ ਚੋਣ ਅਧਿਕਾਰੀ ਨੇ ਚੋਣਾਂ ਵਿੱਚ ਭਾਗ ਲੈਣ ਦਾ ਸੁਨੇਹਾ ਦੇਣ ਲਈ ਸਾਈਕਲ ਰੈਲੀ ਦੀ ਕੀਤੀ ਅਗਵਾਈ

ਲੋਕਤੰਤਰੀ ਦੀ ਮਜ਼ਬੂਤੀ ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ’ਤੇ ਜ਼ੋਰ

ਐਸਐਸਆਰ-2023 ਦੀ ਸ਼ੁਰੂਆਤ ਕਰਨ ਲਈ ਮੁਹਾਲੀ ਵਿੱਚ ਕਰਵਾਇਆ ਸੂਬਾ ਪੱਧਰੀ ਜਾਗਰੂਕਤਾ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਵੋਟਰ ਸੂਚੀ-ਸਪੈਸ਼ਲ ਸਮਰੀ ਰਿਵੀਜ਼ਨ (ਐਸਐਸਆਰ-2023) ਵਿੱਚ ਸੋਧ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਲਈ ਅੱਜ ਮੁਹਾਲੀ ਵਿਖੇ ‘‘ਪੈਡਲ ਫਾਰ ਪਾਰਟੀਸੀਪੇਟਿਵ ਇਲੈਕਸ਼ਨਜ਼’’ ਦੇ ਬੈਨਰ ਹੇਠ ਸਾਈਕਲ ਰੈਲੀ ਕੱਢੀ ਗਈ। ਉਪਰੰਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿੱਚ ਸੂਬਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕੀਤੀ। ਸਮਾਗਮ ਦਾ ਉਦੇਸ਼ ਚੋਣਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।ਵਾਈਪੀਐਸ ਸਕੂਲ ਨੇੜਿਓਂ ਨੇਚਰ ਪਾਰਕ ਤੋਂ ਕੱਢੀ ਇਹ ਸਾਈਕਲ ਰੈਲੀ ਸਰਕਾਰੀ ਮਾਡਲ ਸਕੂਲ ਫੇਜ਼-3ਬੀ1 ਵਿੱਚ ਪਹੁੰਚ ਕੇ ਸਮਾਪਤ ਹੋਈ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨਐਸਐਸ ਵਲੰਟੀਅਰਾਂ ਸਮੇਤ ਸਾਈਕਲ ਸਵਾਰਾਂ ਨੇ ਹਿੱਸਾ ਲਿਆ।
ਇਸ ਮੌਕੇ ਮੁੱਖ ਚੋਣ ਅਫ਼ਸਰ (ਸੀਈਓ) ਡਾ.ਐੱਸ. ਕਰੁਣਾ ਰਾਜੂ ਨੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਕੋਈ ਵੀ ਵੋਟਰ ਪਿੱਛੇ ਨਾ ਰਹਿ ਜਾਵੇ’ ਸਬੰਧੀ ਆਪਣੇ ਯਤਨਾਂ ਨੂੰ ਯਕੀਨੀ ਬਣਾਉਂਦਿਆਂ ਅੌਰਤਾਂ, ਅਪਾਹਜ ਵਿਅਕਤੀਆਂ, ਪੇਂਡੂ ਅਤੇ ਸ਼ਹਿਰੀ ਵੋਟਰਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ। ਇਸ ਤੋਂ ਪਹਿਲਾਂ ਸੀਈਓ ਨੇ ਸਕੂਲ ਦੇ ਦੋ ਬੂਥਾਂ ਦਾ ਨਿਰੀਖਣ ਵੀ ਕੀਤਾ ਅਤੇ ਵਿਸ਼ੇਸ਼ ਸੁਧਾਈ ਸਬੰਧੀ ਬੀਐਲਓਜ਼ ਨਾਲ ਗੱਲਬਾਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਵੋਟਰ ਸਬੰਧੀ ਸਹੁੰ ਚੁੱਕੀ ਅਤੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਸੁਨੇਹਾ ਦਿੰਦਿਆਂ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਵਧੀਕ ਸੀਈਓ ਬੀ ਸ੍ਰੀਨਿਵਾਸਨ, ਏਡੀਸੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਤਰਸੇਮ ਚੰਦ ਅਤੇ ਵੀਨਾ ਰਾਜਪੂਤ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਮਜ਼ਬੂਤ ਲੋਕਤੰਤਰ ਦੇ ਹਿੱਤ ਵਿੱਚ, ਚੋਣਾਂ ਯਕੀਨੀ ਬਣਾਉਣ ਅਤੇ ਵੋਟਰ ਸੂਚੀ ਵਿੱਚ ਸੁਧਾਰ ਕਰਨ ਲਈ ਵੋਟਰ ਸੂਚੀ ਦੀ ਸਲਾਨਾ ਸੋਧ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤਾ ਜਾਣ ਵਾਲਾ ਮਹੱਤਵਪੂਰਨ ਅਭਿਆਸ ਹੈ। ਇਹ ਵਿਸ਼ੇਸ਼ ਸੋਧ 9 ਨਵੰਬਰ 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਸਮਾਪਤ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…