nabaz-e-punjab.com

ਹੁਣ ਈਐਸਆਈ ਹਸਪਤਾਲ ਵਿੱਚ ਮੈਡੀਕਲ ਸਹੂਲਤਾਂ ਦੀ ਅਣਹੋਂਦ ਸਬੰਧੀ ਚੀਫ਼ ਜਸਟਿਸ ਕਰਨਗੇ ਕੇਸ ਦੀ ਸੁਣਵਾਈ

ਮੈਡੀਕਲ ਬਿੱਲ ਦੀ ਅਦਾਇਗੀ ਲਈ 3 ਸਾਲਾਂ ਤੋਂ ਖੱਜਲ ਖੁਆਰ ਹੋ ਰਿਹਾ ਹੈ ਕਿਰਤੀ ਸੁਰਜੀਤ ਕੁਮਾਰ
ਕਿਰਤੀਆਂ ਨੂੰ ਈਐਸਆਈ ਐਕਟ ਮੁਤਾਬਕ ਸਹੂਲਤਾਂ ਦਿਓ ਜਾਂ ਤਨਖ਼ਾਹ ’ਚੋਂ ਫੰਡ ਕੱਟਣਾ ਬੰਦ ਹੋਵੇ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਇੱਥੋਂ ਦੇ ਫੇਜ਼-7 ਸਥਿਤ ਸਨਅਤੀ ਏਰੀਆ ਵਿੱਚ ਈਐਸਆਈ ਜ਼ੋਨਲ ਹਸਪਤਾਲ ਖ਼ੁਦ ਹੀ ਬਿਮਾਰ ਹੈ। ਹਸਪਤਾਲ ਵਿੱਚ ਮੈਡੀਕਲ ਸਹੂਲਤਾਂ ਦੀ ਅਣਹੋਂਦ ਕਾਰਨ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਕਟਰੀ ਕਾਮਿਆਂ ਦੇ ਹੱਕਾਂ ਦੀ ਲੜਾਈ ਲੜ ਰਹੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਇਸ ਕੇਸ ਦੀ ਸੁਣਵਾਈ 19 ਨਵੰਬਰ ਨੂੰ ਹੋਵੇਗੀ। ਹੁਣ ਇਹ ਕੇਸ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਕੋਲ ਸ਼ਿਫ਼ਟ ਹੋ ਗਿਆ ਹੈ। ਇਸ ਤੋਂ ਪਹਿਲਾਂ ਕੇਸ ਦੋ ਨੰਬਰ ਅਦਾਲਤ ਵਿੱਚ ਚਲ ਰਿਹਾ ਸੀ।
ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਵਿੱਚ ਦਾਇਰ ਅਪੀਲ ਵਿੱਚ ਮੰਗ ਕੀਤੀ ਗਈ ਹੈ ਕਿ ਕਿਰਤੀਆਂ ਨੂੰ ਈਐਸਆਈ ਐਕਟ ਮੁਤਾਬਕ ਈਐਸਆਈ ਹਸਪਤਾਲ ਵਿੱਚ ਮੁੱਢਲੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਜਾਂ ਹਰੇਕ ਮਹੀਨੇ ਕਿਰਤੀਆਂ ਦੀ ਤਨਖ਼ਾਹ ’ਚੋਂ 6.5 ਫੀਸਦੀ ਫੰਡ ਕੱਟਣਾ ਬੰਦ ਕੀਤਾ ਜਾਵੇ ਤਾਂ ਜੋ ਕਿਰਤੀ ਆਪਣੀ ਮਰਜ਼ੀ ਨਾਲ ਹੋਰ ਕਿੱਧਰਲੇ ਇਲਾਜ ਜਾਂ ਇੰਸ਼ੋਰੈਂਸ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਸਾਰਾ ਇਲਾਜ ਮੁਫ਼ਤ ਹੋਣਾ ਹੁੰਦਾ ਹੈ ਕਿਉਂਕਿ ਇਲਾਜ ’ਤੇ ਆਉਣ ਵਾਲਾ ਖਰਚਾ ਮੁਲਾਜ਼ਮ ਦੀ ਤਨਖ਼ਾਹ ’ਚੋਂ ਪਹਿਲਾਂ ਕੱਟ ਲਿਆ ਜਾਂਦਾ ਹੈ।
ਉਧਰ, ਕਿਰਤੀ ਸੁਰਜੀਤ ਕੁਮਾਰ ਪਿਛਲੇ ਤਿੰਨ ਸਾਲ ਤੋਂ ਆਪਣੇ ਮੈਡੀਕਲ ਬਿੱਲ ਦੀ ਅਦਾਇਗੀ ਲਈ ਖੱਜਲ ਖੁਆਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ 1 ਅਕਤੂਬਰ 2010 ਤੋਂ ਲਗਾਤਾਰ ਈਐਸਆਈ ਦੀ ਕਿਸ਼ਤ ਜਮ੍ਹਾਂ ਕਰਵਾਉਂਦਾ ਆ ਰਿਹਾ ਹੈ। ਤਿੰਨ ਸਾਲ ਪਹਿਲਾਂ ਉਹ 3 ਜੂਨ 2015 ਨੂੰ ਆਪਣੇ ਗੁਰਦੇ ਦੀ ਪੱਥਰੀ ਦੇ ਇਲਾਜ ਲਈ ਈਐਸਆਈ ਹਸਪਤਾਲ ਮੁਹਾਲੀ ਵਿੱਚ ਆਇਆ ਸੀ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ। ਕਿਉਂਕਿ ਈਐਸਆਈ ਹਸਪਤਾਲ ਵਿੱਚ ਗੁਰਦੇ ਦੀ ਪੱਥਰੀ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ ਹੈ। ਕਿਰਤੀ ਨੇ ਦੱਸਿਆ ਕਿ ਪੀਜੀਆਈ ਵਿੱਚ ਇਲਾਜ ਦੌਰਾਨ ਉਸਦਾ 28 ਹਜ਼ਾਰ 149 ਰੁਪਏ ਦਾ ਦਵਾਈਆਂ ਦਾ ਖਰਚਾ ਹੋ ਗਿਆ। ਸਾਰੇ ਬਿੱਲ ਲੋੜੀਂਦੇ ਕਾਗਜਾਤ ਸਮੇਤ 8 ਅਕਤੂਬਰ 2015 ਨੂੰ ਈਐਸਆਈ ਡਿਸਪੈਸਰੀ ਫੇਜ਼-7 ਵਿੱਚ ਜਮ੍ਹਾਂ ਕਰਵਾ ਦਿੱਤੇ। ਤਕਰੀਬਨ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਉਸ ਨੂੰ ਮੈਡੀਕਲ ਬਿੱਲ ਦੀ ਅਦਾਇਗੀ ਨਹੀਂ ਕੀਤੀ ਗਈ।
ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਲਗਭਗ 2 ਲੱਖ ਤੋਂ ਵੱਧ ਕਿਰਤੀ ਈਐਸਆਈਸੀ ਨੂੰ ਤਕਰੀਬਨ 10 ਕਰੋੜ ਪ੍ਰਤੀ ਮਹੀਨਾਂ ਕੰਟਰੀਬਿਊਸ਼ਨ ਜਮ੍ਹਾਂ ਕਰਵਾਉਂਦੇ ਹਨ। ਇਸ ਬਦਲੇ ਵਿੱਚ ਕਿਰਤੀਆਂ ਨੂੰ ਮੁਫ਼ਤ ਮੈਡੀਕਲ ਸੁਵਿਧਾ ਪ੍ਰਦਾਨ ਕੀਤੀ ਜਾਣੀ ਹੁੰਦੀ ਹੈ ਪ੍ਰੰਤੂ ਮੁਹਾਲੀ ਦਾ ਈਐਸਆਈ ਹਸਪਤਾਲ ਅਤੇ ਡਿਸਪੈਂਸਰੀ ਦੀ ਹਾਲ ਬਦਤਰ ਹੋ ਚੁੱਕੀ ਹੈ ਅਤੇ ਇਹ ਗੱਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦੀ ਜਾ ਚੁੱਕੀ ਹੈ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖਪਤਕਾਰ ਫੋਰਮ ਮੁਹਾਲੀ ਵੱਲੋਂ ਬਿੱਲਾਂ ਦੀ ਅਦਾਇਗੀ ਲੇਟ ਕਰਨ ਦੇ ਮਾਮਲਿਆਂ ਸਬੰਧੀ ਪਿਛਲੇ 3-4 ਸਾਲਾਂ ਵਿੱਚ ਈਐਸਆਈਸੀ ਨੂੰ ਵੱਖ-ਵੱਖ ਕੇਸਾਂ ਵਿੱਚ 5 ਲੱਖ ਤੋਂ ਵੱਧ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ ਪ੍ਰੰਤੂ ਫਿਰ ਵੀ ਕਿਰਤੀਆਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ। ਈਐਸਆਈਸੀ ਹਸਪਤਾਲ ’ਚੋਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਫੇਜ-6, ਪੀਜੀਆਈ, ਸੈਕਟਰ-16 ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ। ਜਿੱਥੇ ਇਲਾਜ ਤੇ ਸਾਰਾ ਖਰਚਾ ਕਿਰਤੀਆਂ ਨੂੰ ਆਪਣੀ ਜੇਬ ’ਚੋਂ ਕਰਨਾ ਪੈਂਦਾ ਹੈ। ਜਿਸਦੀ ਅਦਾਇਗੀ ਈਐਸਆਈਸੀ ਵੱਲੋਂ ਇੱਕ ਮਹੀਨੇ ਦੇ ਅੰਦਰ ਅੰਦਰ ਕਰਨੀ ਹੁੰਦੀ ਹੈ ਪ੍ਰੰਤੂ ਮੈਡੀਕਲ ਬਿੱਲਾਂ ਨੂੰ ਸਾਲਾ-ਬੱਧੀ ਲਟਕਾ ਦੇ ਰੱਖਿਆ ਜਾਂਦਾ ਹੈ। ਜਿਸ ਕਾਰਨ ਪੀੜਤ ਕਿਰਤੀਆਂ ਨੂੰ ਅਦਾਲਤਾਂ ਦਾ ਬੂਹਾ ਖੜਕਾਉਣਾ ਪੈਂਦਾ ਹੈ।
(ਬਾਕਸ ਆਈਟਮ)
ਈਐਸਆਈ ਹਸਪਤਾਲ ਦੇ ਐਸਐਮਓ ਡਾ. ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਕਿਰਤੀ ਦਾ ਮੈਡੀਕਲ ਬਿੱਲ ਪੈਂਡਿੰਗ ਨਹੀਂ ਹੈ ਅਤੇ ਸਾਰੇ ਬਿੱਲਾਂ ਦਾ ਭੁਗਤਾਨ ਹੋ ਚੁੱਕਾ ਹੈ। ਕਿਰਤੀ ਸੁਰਜੀਤ ਕੁਮਾਰ ਦੇ ਕੇਸ ਨੂੰ ਡੀਲ ਕਰਨ ਵਾਲੇ ਹਸਪਤਾਲ ਦੇ ਪਹਿਲੇ ਕਲਰਕ ਸ਼ਿੰਦਰਪਾਲ ਦੀ ਇੱਥੋਂ ਬਦਲੀ ਹੋ ਗਈ ਹੈ। ਇਸ ਸਬੰਧੀ ਪੀੜਤ ਕਿਰਤੀ ਨੂੰ ਵੀ ਸ਼ਿੰਦਰਪਾਲ ਨਾਲ ਤਾਲਮੇਲ ਕਰਨ ਲਈ ਆਖਿਆ ਗਿਆ ਸੀ ਲੇਕਿਨ ਉਹ ਕਲਰਕ ਕੋਲ ਜਾਣ ਦੀ ਬਜਾਏ ਲੇਬਰ ਲਾਅ ਕਮੇਟੀ ਕੋਲ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਦਿਲਚਸਪੀ ਲੈ ਕੇ ਸੁਰਜੀਤ ਕੁਮਾਰ ਦੇ ਮੈਡੀਕਲ ਬਿੱਲ ਦੀ ਅਦਾਇਗੀ ਲਈ ਯੋਗ ਪੈਰਵੀ ਕਰਨਗੇ। ਜਦੋਂ ਐਸਐਮਓ ਨੂੰ ਮੁੱਢਲੀ ਮੈਡੀਕਲ ਸਹੂਲਤਾਂ ਦੀ ਅਣਹੋਂਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਅਤੇ ਹੋਰ ਸਬੰਧਤ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸੁਧਾਰ ਲਈ ਉੱਚ ਅਧਿਕਾਰੀਆਂ ਨੂੰ ਯਾਦ ਪੱਤਰ ਲਿਖਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…