ਮੁੱਖ ਮੰਤਰੀ ਤੇ ਹੋਰਨਾਂ ਵੱਲੋਂ ਸਾਬਕਾ ਸੰਸਦ ਮੈਂਬਰ ਸਤਨਾਮ ਕੈਂਥ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਤਨਾਮ ਸਿੰਘ ਕੈਂਥ (57) ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਬੀਤੇ ਦਿਨ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲੰਮੀ ਬਿਮਾਰੀ ਉਪਰੰਤ ਚੱਲ ਵਸੇ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ੍ਰੀ ਕੈਂਥ ਵੱਲੋਂ ਪੰਜਾਬ ਦੀ ਸਿਆਸਤ ਖਾਸਕਰ ਕੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੇ ਹੱਕਾਂ ਲਈ ਪਾਏ ਮਿਸਾਲੀ ਯੋਗਦਾਨ ਨੂੰ ਚੇਤੇ ਕੀਤਾ। ਸ੍ਰੀ ਕੈਂਥ ਜੀਵਨ ਭਰ ਗਰੀਬਾਂ, ਲੋੜਵੰਦਾਂ ਅਤੇ ਹੱਕਾਂ ਤੋਂ ਵਿਹੂਣੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਗਰਮ ਰਹੇ। ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਜ਼ਿਕਰਯੋਗ ਹੈ ਕਿ ਸ੍ਰੀ ਕੈਂਥ ਸਾਲ 1992-97 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਸਾਲ 1998 ਵਿੱਚ ਫਿਲੌਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ।
ਉਧਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਸਤਨਾਮ ਸਿੰਘ ਕੈਂਥ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦੇ ਮਾਤਾ ਡਾ. ਅੰਮ੍ਰਿਤ ਤਿਵਾੜੀ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੋਂ ਜਾਰੀ ਇਕ ਸ਼ੋਕ ਸੰਦੇਸ਼ ਵਿੱਚ ਸਪੀਕਰ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੋਂ ਹਮਦਰਦੀ ਜ਼ਾਹਰ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੋਂ ਦੋਹਾਂ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ।
ਉਧਰ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਇੰਦਰ ਸਿੰਘ ਬਾਜਵਾ ਅਤੇ ਸਿੰਜਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਸਤਨਾਮ ਸਿੰਘ ਕੈਂਥ ਅਤੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦੇ ਮਾਤਾ ਜੀ ਪਦਮ ਸ੍ਰੀ ਡਾ. ਅਮ੍ਰਿਤ ਤਿਵਾੜੀ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਸਤਨਾਮ ਕੈਂਥ 1992 ਤੋਂ 1997 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਅਤੇ 1998 ਵਿੱਚ ਫਿਲੌਰ ਲੋਕ ਸਭਾ ਹਲਕੇ ’ਤੋਂ ਸੰਸਦ ਮੈਂਬਰ ਚੁਣੇ ਗਏ। ਡਾ. ਅਮ੍ਰਿਤ ਤਿਵਾੜੀ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਸ਼ੋਕ ਸੰਦੇਸ਼ ਵਿੱਚ ਦੋਵਾਂ ਮੰਤਰੀਆਂ ਨੇ ਸ੍ਰੀ ਕੈਂਥ ਵੱਲੋਂ ਸਮਾਜ ਦੇ ਦੱਬੇ-ਕੁਚਲੇ ਵਰਗ ਦੇ ਪ੍ਰਤੀਨਿਧੀ ਵਜੋਂ ਦੇਸ਼ ਪ੍ਰਤੀ ਦਿੱਤੀਆਂ ਗਈਆਂ ਸੇਵਾਵਾਂ ਅਤੇ ਡਾ. ਅਮ੍ਰਿਤ ਤਿਵਾੜੀ ਵੱਲੋਂ ਪੀ.ਜੀ.ਆਈ. ਦੇ ਡੀਨ, ਇੰਡੀਅਨ ਡੈਂਟਲ ਕੌਂਸਲ ਦੀ ਚੇਅਰਪਰਸਨ ਅਤੇ ਚੰਡੀਗੜ੍ਹ ਨਗਰ ਨਿਗਮ ’ਚ ਕੌਂਸਲਰ ਵਜੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ।
ਇਸੇ ਦੌਰਾਨ ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਸ੍ਰੀ ਸਤਨਾਮ ਕੈਂਥ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿ ਸ੍ਰੀ ਕੈਂਥ ਬਹੁਤ ਹੀ ਵਧੀਆ ਰਾਜਸੀ ਨੇਤਾ ਸਨ ਜਿਹਨਾਂ ਨੇ ਇਮਾਨਦਾਰੀ ਨਾਲ ਸਮਾਜ ਦੀ ਬਿਹਤਰੀ ਲਈ ਜ਼ਿਕਰਯੋਗ ਯੋਗਦਾਨ ਪਾਇਆ। ਲੋਕ ਸਭਾ ਦੇ ਮੈਂਬਰ ਬਣ ਕੇ ਪੰਜਾਬ ਦੀ ਅਵਾਜ਼ ਉਠਾਉਣ ਲਈ ਮੋਹਰੀ ਰੋਲ ਅਦਾ ਕੀਤਾ। ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਬਹੁਤ ਧੜੱਲੇ ਨਾਲ ਨਿਭਾਈਆਂ ਸਨ ਉਹਨਾਂ ਦੀ ਮੌਤ ਨਾਲ ਸਮਾਜ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖ਼ਸ਼ੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…