
ਮੁੱਖ ਮੰਤਰੀ ਤੇ ਡੀਜੀਪੀ ਨੇ ਕਿਹੜੇ ਮਾਮਲੇ ਵਿੱਚ ਲੈ ਰਹੇ ਨੇ ਪਲ-ਪਲ ਦੀ ਜਾਣਕਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਖਰੜ, 15 ਜੂਨ:
ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਵੀ ਸਿੱਧੂ ਮੂਸੇਵਾਲਾ ਕਤਲ ਸਮੇਤ ਹੋਰ ਅਪਰਾਧਿਕ ਮਾਮਲਿਆਂ ਸਬੰਧੀ ਲਾਰੈਂਸ ਬਿਸ਼ਨੋਈ ਤੋਂ ਕੀਤੀ ਜਾ ਰਹੀ ਪੁੱਛਗਿੱਛ ਬਾਰੇ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਜਾਂਚ ਟੀਮ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਗੈਂਗਸਟਰ ਦੇ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਹੁਣ ਤੱਕ ਸੂਬੇ ਵਿੱਚ ਵਾਪਰੀਆਂ ਕਈ ਵੱਡੀਆਂ ਅਪਰਾਧਿਕ ਵਾਰਦਾਤਾਂ ਵਿੱਚ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦਾ ਨਾਮ ਸਾਹਮਣੇ ਆਇਆ ਹੈ, ਕਿ ਉਹ ਜੇਲ੍ਹ ਵਿੱਚ ਬੈਠੇ ਹੋਣ ਦੇ ਬਾਵਜੂਦ ਆਪਣੇ ਬੰਦਿਆਂ ਤੋਂ ਫਿਰੌਤੀਆਂ ਮੰਗਣ, ਕਤਲ ਅਤੇ ਲੁੱਟਾਂ-ਖੋਹਾਂ ਕਰਵਾ ਰਹੇ ਹਨ।
ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਜੇਲ੍ਹਾਂ ਵਿੱਚ ਗੈਂਗਸਟਰਾਂ ਦਾ ਨੈੱਟਵਰਕ ਤੋੜਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਪੁੱਛਗਿੱਛ ਦੌਰਾਨ ਪੰਜਾਬ ਪੁਲੀਸ ਨੂੰ ਸਿੱਧੂ ਮੂਸੇਵਾਲਾ ਕਤਲ ਅਤੇ ਹੋਰਨਾਂ ਅਪਰਾਧਿਕ ਮਾਮਲਿਆਂ ਵਿੱਚ ਵੱਡੀ ਲੀਡ ਮਿਲੀ ਹੈ, ਪ੍ਰੰਤੂ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਫਿਲਹਾਲ ਕੋਈ ਵੀ ਅਧਿਕਾਰੀ ਕੁੱਝ ਦੱਸਣ ਨੂੰ ਤਿਆਰ ਨਹੀਂ ਹੈ ਅਤੇ ਮੀਡੀਆ ਨਾਲ ਗੱਲ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਪੁੱਛਗਿੱਛ ਵਿੱਚ ਵੀ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ ਆਪਣੇ ਗਰੁੱਪ ਦੇ ਮੈਂਬਰਾਂ ਤੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਸਲਾ ਹਾਸਲ ਕਰਨਾ, ਅੱਗੇ ਸਪਲਾਈ ਕਰਨਾ, ਰੈਕੀ ਕਰਨ ਸਮੇਤ ਟਾਗਰੇਟ ਪੂਰਾ ਕਰਨ ਦਾ ਕੰਮ ਵੱਖ-ਵੱਖ ਬੰਦਿਆਂ ਨੂੰ ਦਿੱਤਾ ਜਾਂਦਾ ਸੀ।
ਪੁਲੀਸ ਦੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ, ਵਿੱਕੀ ਮਿੱਡੂਖੇੜਾ, ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਹਮਲੇ ਸਮੇਤ ਅੰਮ੍ਰਿਤਸਰ ਗੋਲੀਕਾਂਡ ਅਤੇ ਹੋਰਨਾਂ ਅਪਰਾਧਿਕ ਮਾਮਲਿਆਂ ਵਿੱਚ ਹੁਣ ਤੱਕ 30 ਤੋਂ ਵੱਧ ਗੈਂਗਸਟਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਵੱਖ-ਵੱਖ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਵੀ ਪ੍ਰੋਡਕਸ਼ਨ ਵਰੰਟਾਂ ਲਿਆ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਕਈ ਗੈਂਗਸਟਰਾਂ ਨੂੰ ਕਈ ਮਾਮਲਿਆਂ ਵਿੱਚ ਨਾਮਜ਼ਦ ਕਰਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਵੀ ਪਾਈਆਂ ਗਈਆਂ ਹਨ।