nabaz-e-punjab.com

5 ਏਕੜ ਤੱਕ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਮੁੱਖ ਮੰਤਰੀ 15 ਅਗਸਤ ਨੂੰ ਕਰਨਗੇ ਐਲਾਨ

ਕਰਜ਼ਾ ਮੁਆਫ਼ੀ: ਸਹਿਕਾਰੀ ਬੈਂਕਾਂ ਵੱਲੋਂ ਹੁਣ ਛੋਟੇ ਕਿਸਾਨਾਂ ਨੂੰ ਤੰਗ ਨਹੀਂ ਕੀਤਾ ਜਾ ਰਿਹੈ: ਸੁਖਜਿੰਦਰ ਰੰਧਾਵਾ
ਸ਼ੂਗਰਫੈੱਡ ਨੂੰ ਵਿੱਤੀ ਘਾਟੇ ’ਚੋਂ ਕੱਢਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਸਰਕਾਰ ਸਾਰੇ ਸਹਿਕਾਰੀ ਬੈਂਕਾਂ ਨੂੰ ਪੱਕੇ ਪੈਰੀਂ ਕਰਨ ਲਈ ਯਤਨਸ਼ੀਲ ਹੈ ਅਤੇ ਹੁਣ ਛੋਟੇ ਕਿਸਾਨਾਂ ਨੂੰ ਬੈਂਕਾਂ ਵੱਲੋਂ ਤੰਗ ਨਹੀਂ ਕੀਤਾ ਜਾ ਰਿਹਾ ਹੈ ਸੋਗਂ ਉਨ੍ਹਾਂ ਵੱਡੇ ਡਿਫਾਲਟਰਾਂ ਨੂੰ ਹੀ ਫੜਿਆ ਜਾ ਰਿਹਾ ਹੈ ਜਿਨ੍ਹਾਂ ਨੇ ਬੈਂਕਾਂ ਦਾ ਕਰੋੜਾਂ ਰੁਪਏ ਦੱਬਿਆ ਹੋਇਆ ਹੈ। ਅੱਜ ਇੱਥੇ ਸੈਂਟ ਸੋਲਜਰ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਪੁੱਜੇ ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਕਰੀਬਨ 138 ਕਰੋੜ ਰੁਪਏ ਕਰਜ਼ੇ ਦੀ ਵਸੂਲੀ ਬੈਂਕਾਂ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਸਹਿਕਾਰੀ ਬੈਂਕਾਂ ਲਈ 4 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਨਾਬਾਰਡ ਤੋਂ ਵੀ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 5 ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਮੁੱਖ ਮੰਤਰੀ 15 ਅਗਸਤ ਨੂੰ ਰਸਮੀ ਤੌਰ ’ਤੇ ਐਲਾਨ ਕਰਨਗੇ।
ਦੁੱਧ ਉਤਪਾਦਕਾਂ ਨੂੰ ਵੇਰਕਾ ਮਿਲਕ ਪਲਾਟਾਂ ਰਾਹੀਂ ਕੀਤੀ ਜਾਂਦੀ ਅਦਾਇਗੀ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਰੰਧਾਵਾ ਨੇ ਕਿਹਾ ਕਿ ਛੇਤੀ ਹੀ ਦੁੱਧ ਦੀ ਅਦਾਇਗੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁੱਧ ਦੇ ਉਤਪਾਦਨ ਵਿੱਚ ਕੌਮਾਂਤਰੀ ਪੱਧਰ ’ਤੇ ਹੀ ਵੱਡਾ ਉਛਾਲ ਆਇਆ ਹੈ। ਇਸ ਵੇਲੇ 2 ਲੱਖ ਮੀਟਰਿਕ ਟਨ ਸੁੱਕਾ ਦੁੱਧ ਫਾਲਤੂ ਪਿਆ ਹੈ। ਖਾੜੀ ਦੇਸ਼ਾਂ ਨੂੰ ਜੋ ਸੁੱਕੇ ਦੁੱਧ ਦੀ ਸਪਲਾਈ ਹੁੰਦੀ ਸੀ, ਉਸ ਵਿੱਚ ਕਮੀ ਆਈ ਹੈ। ਜਿਸ ਕਰਕੇ ਕਈ ਵਾਰ ਕਿਸਾਨਾਂ ਨੂੰ ਸਮੇਂ ਸਿਰ ਦੁੱਧ ਦੀਆਂ ਅਦਾਇਗੀਆਂ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸ਼ੂਗਰਫੈੱਡ ਨੂੰ ਘਾਟੇ ’ਚੋਂ ਕੱਢਣ ਲਈ ਗੰਭੀਰ ਹੈ। ਗੁਰਦਾਸਪੁਰ ਚੀਨੀ ਮਿੱਲ ਦੀ ਸਮਰੱਥਾ 5 ਹਜ਼ਾਰ ਮੀਟਰਿਕ ਟਨ ਅਤੇ ਬਟਾਲਾ ਮਿੱਲ ਦੀ ਸਮਰੱਥਾ 3500 ਮੀਟਰਿਕ ਟਨ ਕੀਤੀ ਜਾ ਰਹੀ ਹੈ। ਅਜਨਾਲਾ ਚੀਨੀ ਮਿੱਲ ਦਾ ਬੁਆਇਲਰ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਚੀਨੀ ਮਿੱਲਾਂ ਵਿਚ ਸ਼ਰਾਬ ਵਾਲੀਆਂ ਡਿਸਟ੍ਰਿਲਰੀਆਂ ਨਹੀਂ ਲਗਾਈਆਂ ਜਾਣਗੀਆਂ।
ਸ੍ਰੀ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਮਾਰਕਫੈੱਡ ਨੇ ਗੁਜਰਾਤ ਫਰਟੀਲਾਈਜ਼ਰ ਨਾਲ ਇਕ ਸਮਝੌਤਾ ਕੀਤਾ ਹੈ। ਜਿਸ ਦੇ ਤਹਿਤ ਮਾਰਕਫੈੱਡ ਦੇ ਉਤਪਾਦ ਗੁਜਰਾਤ ਦੀਆਂ ਵੱਖ-ਵੱਖ ਥਾਵਾਂ ’ਤੇ ਵੇਚੇ ਜਾਣਗੇ ਅਤੇ ਨਾਲ ਹੀ ਰੂਪਨਗਰ ਵਿੱਚ ਇੱਕ ਵੱਡਾ ਵਿਤਰਣ ਕੇਂਦਰ ਸਥਾਪਿਤ ਕੀਤਾ ਜਾਵੇਗਾ। ਜਿੱਥੇ ਦੋਵਾਂ ਆਦਾਰਿਆਂ ਦੇ ਸਾਮਾਨ ਦੀ ਵਿਕਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਰਾਹੀਂ ਮਹਾਰਾਸ਼ਟਰਾ ਵਿੱਚ ਵੀ ਸਾਮਾਨ ਵੇਚਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ ਤੇ ਇਸ ਸਬੰਧੀ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਬੱਸੀ ਪਠਾਣਾ ਦੇ ਨੇੜੇ ਮਿਲਕਫੈੱਲ ਵਲੋਂ ਇਕ ਲੱਖ ਲੀਟਰ ਦੁੱਧ ਇਕੱਤਰ ਕਰਨ ਲਈ 25 ਕਰੋੜ ਦੀ ਲਾਗਤ ਨਾਲ ਮਿਲਕ ਕੁਲੈਕਸ਼ਨ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸੈਂਟ ਸੋਲਜਰ ਸਕੂਲ ਦੇ ਡਾਇਰੈਕਟਰ ਕਰਨੈਲ ਸਿੰਘ ਬਰਾੜ ਅਤੇ ਕਰਮਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਅੰਜਲੀ ਸ਼ਰਮਾ ਵੀ ਮੌਜੂਦ ਸਨ।
(ਬਾਕਸ ਆਈਟਮ)
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਸੁਧਾਰ ਘਰ ਬਣਾਇਆ ਜਾਵੇਗਾ। ਇਸ ਸਬੰਧੀ ਹੈਦਰਾਬਾਦ ਦੀਆਂ ਜੇਲ੍ਹਾਂ ਦਾ ਦੌਰਾ ਕੀਤਾ ਜਾਵੇਗਾ ਤਾਂ ਜੋ ਉੱਥੋਂ ਦਾ ਪ੍ਰਬੰਧ ਦੇਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਮਿਲਕਫੈੱਡ ਅਤੇ ਮਾਰਕਫੈੱਡ ਦੇ ਬੂਥ ਸਥਾਪਿਤ ਕੀਤੇ ਜਾਣਗੇ। ਮੰਤਰੀ ਨੇ ਦੱਸਿਆ ਕਿ 15 ਅਗਸਤ ਨੂੰ ਉਹ ਬਠਿੰਡਾ ਜੇਲ੍ਹ ਵਿੱਚ ਕੈਦੀਆਂ ਦਾ ਮਨੋਰੰਜਨ ਕਰਨ ਲਈ ਕਲਾਕਾਰਾਂ ਨੂੰ ਨਾਲ ਲੈ ਕੇ ਜਾਣਗੇ ਤਾਂ ਜੋ ਕੈਦੀ ਵੀ ਆਜ਼ਾਦੀ ਦਿਹਾੜੇ ਦਾ ਆਨੰਦ ਮਾਣ ਸਕਣ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…