
‘‘ਮੇਰੇ ਦੁਆਲੇ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਵਿਧਾਇਕ ਕੁਲਵੰਤ ਸਿੰਘ ਦੇ ਪ੍ਰਾਜੈਕਟਾਂ ਦੀ ਜਾਂਚ ਕਰਵਾਉਣ’’: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਹੋਣ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਣ ’ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਸ (ਸਿੱਧੂ) ਦੀ ਜਾਇਦਾਦਾਂ ਦੀ ਜਾਂਚ ਕਰਵਾਉਣ ਤੋਂ ਪਹਿਲਾਂ ਮੁਹਾਲੀ ਤੋਂ ਆਪਣੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਥਿਤ ਤੌਰ ’ਤੇ ਦੱਬੀਆਂ ਜ਼ਮੀਨਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ਅਤੇ ਸਚਾਈ ਲੋਕਾਂ ਸਾਹਮਣੇ ਆ ਸਕੇ। ਅੱਜ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਨੇ ਮੁਹਾਲੀ ਜਾਂ ਕਿਸੇ ਹੋਰ ਥਾਂ ਇੱਕ ਇੰਚ ਵੀ ਸ਼ਾਮਲਾਤ ਜਾਂ ਕਿਸੇ ਦੀ ਜ਼ਮੀਨ ਨਹੀਂ ਦੱਬੀ ਹੈ।
ਸ੍ਰੀ ਸਿੱਧੂ ਨੇ ਆਪਣੀ ਜਾਇਦਾਦਾਂ ਅਤੇ ਕਾਰੋਬਾਰ ਦੇ ਵੇਰਵੇ ਦਿੰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਖੇਤੀਬਾੜੀ ਅਤੇ ਹੋਰ ਕਾਰੋਬਾਰ ਕਰਦੇ ਆ ਰਹੇ ਹਨ। ਮੁਹਾਲੀ ਤੇ ਕੁਰਾਲੀ ਵਿੱਚ ਗੈਸ ਏਜੰਸੀਆਂ ਹਨ। ਉਂਜ ਚੋਣਾਂ ਦੌਰਾਨ ਆਪਣੇ ਕਾਰੋਬਾਰ ਅਤੇ ਇੱਕ ਇੱਕ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਸਨ ਅਤੇ ਇੱਕ ਵੀ ਗੱਲ ਲੁਕਾ ਛਿਪਾ ਕੇ ਨਹੀਂ ਰੱਖੀ ਗਈ। ਜਦੋਂਕਿ ਕੁਲਵੰਤ ਸਿੰਘ ਉੱਤੇ ਆਪਣੇ ਪ੍ਰਾਜੈਕਟਾਂ ਲਈ ਸਰਕਾਰੀ ਰਸਤੇ, ਨਾਲੇ ਅਤੇ ਸ਼ਾਮਲਾਤ ਜ਼ਮੀਨਾਂ ਦੱਬਣ ਦੇ ਗੰਭੀਰ ਦੋਸ਼ ਲਗਦੇ ਰਹੇ ਹਨ ਪ੍ਰੰਤੂ ਸਰਕਾਰ ਨੇ ਇਸ ਸਬੰਧੀ ਅੱਖਾਂ ਮੀਚ ਲਈਆਂ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਖ਼ੁਦ ਹੀ ਗਮਾਡਾ\ਪੁੱਡਾ ਅਤੇ ਤਹਿਸੀਲਦਾਰ ਹੈ। ਉਹ ਖ਼ੁਦ ਹੀ ਲੋਕਾਂ ਤੋਂ ਜੁਰਮਾਨੇ ਅਤੇ ਫੀਸਾਂ ਵਸੂਲ ਰਹੇ ਹਨ।
ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਉਨ੍ਹਾਂ ਦੁਆਲੇ ਹੋਣ ਦੀ ਬਿਜਾਏ ਸਭ ਤੋਂ ਪਹਿਲਾਂ ਆਪਣੇ ਵਿਧਾਇਕ ਦੇ ਰੀਅਲ ਅਸਟੇਟ ਪ੍ਰਾਜੈਕਟਾਂ ਅਤੇ ਜ਼ਮੀਨਾਂ ਨੂੰ ਲੈ ਕੇ ਉੱਠੇ ਵਿਵਾਦਾਂ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਈਡੀ ਵੱਲੋਂ ਵੀ ਕੁਲਵੰਤ ਸਿੰਘ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਉਹ ਹਰ ਕਿਸਮ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ, ਪ੍ਰੰਤੂ ਸਿਆਸੀ ਬਦਲਾਖੋਰੀ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਪਣੇ ਕਾਰੋਬਾਰਾਂ ਅਤੇ ਆਮਦਨੀ ਦੇ ਸਾਧਨਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਕੀਤੀ ਗਈ ਇਕਪਾਸੜ ਕਾਰਵਾਈ ਨੂੰ ਉੱਚ ਅਦਾਲਤ ਵਿੱਚ ਚੁਨੌਤੀ ਦੇਣ ਤੋਂ ਰੋਕਿਆ ਜਾ ਸਕੇ। ਸਿੱਧੂ ਨੇ ਕਿਹਾ ਕਿ ਕੁਲਵੰਤ ਸਿੰਘ ਵੱਲੋਂ ਪਿੰਡ ਪਾਪੜੀ ਦੀ ਦੱਬੀ ਜ਼ਮੀਨ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆਂ ਸੀ ਪ੍ਰੰਤੂ ਪੀੜਤ ਲੋਕਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਅਤੇ ਉਹ ਇਨਸਾਫ਼ ਲਈ ਖੱਜਲ ਹੋ ਰਹੇ ਹਨ।
ਸਿੱਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਲੇਕਿਨ ਹੁਣ ਤੱਕ ਉਨ੍ਹਾਂ ਖ਼ਿਲਾਫ਼ ਕੁੱਝ ਵੀ ਸਾਹਮਣੇ ਨਹੀਂ ਆਇਆ ਅਤੇ ਹੁਣ ਵੀ ਵਿਜੀਲੈਂਸ ਜਾਂਚ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਮੌਕੇ ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ, ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਕੌਂਸਲਰ ਕੰਵਲਪ੍ਰੀਤ ਸਿੰਘ ਬੰਨੀ, ਕੰਵਰਬੀਰ ਸਿੰਘ ਰੂਬੀ ਸਿੱਧੂ, ਜਤਿੰਦਰ ਸਿੰਘ ਸੋਢੀ, ਇੰਦਰਜੀਤ ਸਿੰਘ ਢਿੱਲੋਂ, ਪਰਦੀਪ ਸੋਨੀ, ਸੁਦਾਗਰ ਖਾਨ ਅਤੇ ਮੱਖਣ ਸਿੰਘ ਆਦਿ ਵੀ ਮੌਜੂਦ ਸਨ।
ਉਧਰ, ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨਿਰਾ ਝੂਠ ਬੋਲ ਰਹੇ ਹਨ। ਇਲਾਕੇ ਦੇ ਲੋਕ ਭਲੀਭਾਂਤ ਜਾਣੂ ਹਨ ਕਿ ਕਿਹੜੇ ਆਗੂ ਨੇ ਗਲਤ ਤਰੀਕੇ ਨਾਲ ਜ਼ਮੀਨਾਂ ਦੱਬੀਆਂ ਹਨ ਅਤੇ ਲੋਕਾਂ ਨਾਲ ਸਿਰੇ ਦੀਆਂ ਵਧਕੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦਰਅਸਲ ਵਿਜੀਲੈਂਸ ਦੀ ਜਾਂਚ ਸ਼ੁਰੂ ਹੋਣ ਨਾਲ ਉਹ (ਸਿੱਧੂ) ਆਪਣਾ ਸੰਤੁਲਨ ਖੋਹ ਚੁੱਕੇ ਹਨ। ਜਿਸ ਕਾਰਨ ਉਹ ਬੇਫਜੂਲ ਅਤੇ ਬੇਤੁਕੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉੱਚੀ ਉੱਚੀ ਰੌਲਾ ਪਾ ਕੇ ਸਿੱਧੂ ਆਪਣੇ ਗੁਹਾਨਾਂ ’ਤੇ ਪਰਦਾ ਨਹੀਂ ਪਾ ਸਕਦੇ ਹਨ। ਜੇ ਉਹ ਸੱਚੇ ਹਨ ਤਾਂ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਤੋਂ ਪਹਿਲਾਂ ਹੀ ਕਿਉਂ ਘਬਰਾ ਰਹੇ ਹਨ।