nabaz-e-punjab.com

ਮੁੱਖ ਮੰਤਰੀ ਵੱਲੋਂ ਜਾਇਦਾਦ ਨੂੰ ਆਨਲਾਈਨ ਵੇਚਣ ਜਾਂ ਖ਼ਰੀਦਣ ਲਈ ਈ-ਪ੍ਰਾਪਰਟੀ ਪ੍ਰਣਾਲੀ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਜਾਇਦਾਦ ਨੂੰ ਆਨਲਾਈਨ ਵਿਧੀ ਰਾਹੀਂ ਖ਼ਰੀਦਣ ਜਾਂ ਵੇਚਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੱੁਡਾ 360 ਈ-ਪ੍ਰਾਪਰਟੀਜ਼ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ। ਜਿਸ ਨਾਲ ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ (ਪੁੱਡਾ) ਦੇ ਕੰਮਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਆਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਧੀ ਨਾਲ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਹਾਸਲ ਹੋਣਗੀਆਂ। ਇਸ ਆਨਲਾਈਨ ਵਿਧੀ ਨਾਲ ਈ-ਨਿਲਾਮੀ ਪ੍ਰਕਿਰਿਆ ਹੋਰ ਵਧੇਰੇ ਸਰਲ ਹੋਵੇਗੀ ਅਤੇ ਪ੍ਰੋਮੋਟਰਾਂ/ਬਿਲਡਰਾਂ ਅਤੇ ਵਿਅਕਤੀਗਤ ਰੂਪ ਵਿੱਚ ਲੋਕਾਂ ਨੂੰ ਆਪਣੇ ਪ੍ਰਾਜੈਕਟਾਂ ਜਾਂ ਜਾਇਦਾਦਾਂ ਦੀ ਆਨਲਾਈਨ ਇਸ਼ਤਿਹਾਰਬਾਜ਼ੀ ਵਾਸਤੇ ਸਾਂਝਾ ਪਲੇਟਫਾਰਮ ਹਾਸਲ ਹੋਵੇਗਾ।
ਪੁੱਡਾ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ’ਚ ਸੁਧਾਰ ਹੋਣ ਤੋਂ ਇਲਾਵਾ ਬਿਲਡਿੰਗ ਪਲਾਨ, ਕੋਈ ਇਤਰਾਜ਼ ਨਹੀਂ ਸਰਟੀਫਿਕੇਟ, ਇੰਤਕਾਲਨਾਮਾ ਅਤੇ ਜਾਇਦਾਦ ਦੀ ਤਬਦੀਲੀ ਦੀ ਪ੍ਰਵਾਨਗੀ ਵਿੱਚ ਹੁੰਦੀ ਦੇਰੀ ਨੂੰ ਦੂਰ ਕਰਨ ’ਚ ਇਹ ਪ੍ਰਕ੍ਰਿਆ ਸਹਾਈ ਹੋਵੇਗੀ। ਲੋਕਾਂ ਨੂੰ ਆਨਲਾਈਨ ਸੇਵਾਵਾਂ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅਰਜ਼ੀਕਰਤਾ ਕੋਲ ਆਪਣੀ ਅਰਜ਼ੀ ਆਨਲਾਈਨ ਜਾਂ ਆਫਲਾਈਨ ਵਿਧੀ ਰਾਹੀਂ ਜਮ੍ਹਾਂ ਕਰਵਾਉਣ ਦੀ ਖੁੱਲ੍ਹ ਹੋਵੇਗੀ। ਇਸ ਸਹੂਲਤ ਨਾਲ ਅਲਾਟੀਆਂ ਦੇ ਕੀਮਤੀ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।
ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਪ੍ਰਣਾਲੀ ਵੈੱਬ ਆਧਾਰਿਤ ਹੋਵੇਗੀ ਅਤੇ ਐਂਡਰਾਇਡ ਤੇ ਆਈਓਐਸ, ਦੋਵਾਂ ’ਤੇ ਹੀ ਉਪਲਬਧ ਹੋਵੇਗਾ। ਇਸ ਪ੍ਰਣਾਲੀ ’ਤੇ ਰਜਿਸਟਰ ਹੋਣ ਵਾਲੇ ਪ੍ਰੋਮੋਟਰਾਂ ਅਤੇ ਬਿਲਡਰਾਂ ਲਈ ਇਹ ਇਸ਼ਤਿਹਾਰਬਾਜ਼ੀ ਦੇ ਮਾਧਿਅਮ ਵਜੋਂ ਕੰਮ ਕਰੇਗਾ ਜਿਸ ਨਾਲ ਉਹ ਆਪਣੇ ਪ੍ਰਾਜੈਕਟਾਂ ਦਾ ਪ੍ਰਚਾਰ ਕਰ ਸਕਣਗੇ। ਇਸ ਤੋਂ ਇਲਾਵਾ ਪ੍ਰੋਮੋਟਰਾਂ ਵੱਲੋਂ ਅਤੇ ਵਿਅਕਤੀਗਤ ਤੌਰ ’ਤੇ ਵੀ ਆਪਣੀ ਜਾਇਦਾਦ ਬਾਰੇ ਜਾਣਕਾਰੀ ਇਸ ਮਾਡਿਊਲ ’ਤੇ ਅਪਲੋਡ ਕਰਕੇ ਜਾਇਦਾਦ ਨੂੰ ਵੇਚਣ/ਕਿਰਾਏ ’ਤੇ ਦੇਣ/ਲੀਜ਼ ’ਤੇ ਦੇਣ ਦੀ ਸਹੂਲਤ ਹਾਸਲ ਕੀਤੀ ਜਾ ਸਕਦੀ ਹੈ। ਮੰਤਰੀ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਮਾਡਿਊਲ ’ਤੇ ਜਾਇਦਾਦ ਦੇ ਮੁਕੰਮਲ ਵੇਰਵੇ ਜਿਵੇਂ ਕਿ ਜਾਇਦਾਦ ਰਿਹਾਇਸ਼ੀ ਜਾਂ ਵਪਾਰਕ, ਪਲਾਟ ਜਾਂ ਫਲੈਟ, ਇਲਾਕਾ ਤੇ ਜਗ੍ਹਾ, ਬਿਲਡਰ ਜਾਂ ਮਾਲਕ ਦਾ ਨਾਂ ਅਤੇ ਰੇਰਾ ਦੀ ਰਜਿਸਟ੍ਰੇਸ਼ਨ ਆਦਿ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ।
ਇਸ ਮੌਕੇ ਮਕਾਨ ਤੇ ਸ਼ਹਿਰੀ ਵਿਕਾਸ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਵਿਭਾਗ ਵੱਲੋਂ ਕਯੂ.ਆਰ ਅਧਾਰਿਤ ਪਾਣੀ ਦੀ ਈ-ਬਿੱਲ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਮੁਤਾਬਕ ਖਪਤਕਾਰ ਆਪਣੇ ਮੋਬਾਈਲ ’ਤੇ ਪੁੱਡਾ 360 ਐਪ ਡਾਊਨਲੋਡ ਕਰਨ ਤੋਂ ਬਾਅਦ ਉਹ ਪਾਣੀ ਵਾਲੇ ਮੀਟਰ ਨੂੰ ਸਕੈਨ ਕਰਕੇ ਅਤੇ ਕਯੂ ਕੋਡ ਪੈਦਾ ਕਰਕੇ ਆਪਣਾ ਬਿਲ ਖੁਦ ਤਿਆਰ ਕਰ ਸਕਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੁੱਡਾ 360 ਵੈੱਬ ਅਤੇ ਮੋਬਾਈਲ ਐਪ ਤਿਆਰ ਕਰਨ ਵਿੱਚ ਐਚ.ਡੀ.ਐਫ.ਸੀ. ਵੀ ਭਾਈਵਾਲ ਹੈ। ਈ-ਪ੍ਰਾਪਰਟੀਜ਼ ਦੀ ਸ਼ੁਰੂਆਤ ਦੌਰਾਨ ਗਮਾਡਾ ਵੱਲੋਂ ਆਡੀਓ-ਵੀਡੀਓ ਰਾਹੀਂ ਮੁਹਾਲੀ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਦਿਖਾਇਆ ਗਿਆ।
ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਅਤੇ ਐਚਡੀਐਫਸੀ ਦੇ ਪੰਜਾਬ ਹੈੱਡ ਵਿਨੀਤ ਅਰੋੜਾ ਸ਼ਾਮਲ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…