
ਮੁੱਖ ਮੰਤਰੀ ਨੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਚਾਰ/ਛੇ ਮਾਰਗੀ ਸੜਕਾਂ ਬਣਾਉਣ ਲਈ ਨਿਤਿਨ ਗਡਕਰੀ ਨੂੰ ਲਿਖਿਆ ਪੱਤਰ
ਵੱਖ-ਵੱਖ ਲੰਬਿਤ ਪਏ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕੇਂਦਰੀ ਮੰਤਰੀ ਦੇ ਦਖਲ ਦੀ ਮੰਗ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੰਨਾ-ਮਲੇਰਕੋਟਲਾ-ਰਾਏਕੋਟ-ਜਗਰਾਓਂ-ਨਕੋਦਰ ਨੂੰ ਨਵਾਂ ਰਾਸ਼ਟਰੀ ਮਾਰਗ ਐਲਾਣਨ ਤੋਂ ਇਲਾਵਾ ਬਾਕੀ ਰਹਿੰਦੇ ਚਾਰ ਜ਼ਿਲ੍ਹਾ ਹੈਡਕੁਆਟਰਾਂ ਨੂੰ ਵੀ ਚਾਰ ਮਾਰਗੀ/ਛੇ ਮਾਰਗੀ ਸੜਕਾਂ ਰਾਹੀਂ ਰਾਸ਼ਟਰੀ ਮਾਰਗਾਂ ਨਾਲ ਜੋੜਣ ਵਾਸਤੇ ਪ੍ਰਵਾਨਗੀ ’ਚ ਤੇਜ਼ੀ ਲਿਆਉਣ ਲਈ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਦੇ ਦਖਲ ਦੀ ਮੰਗ ਕੀਤੀ ਹੈ। ਸ੍ਰੀ ਗਡਕਰੀ ਨੂੰ ਲਿਖੇ ਇਕ ਪੱਤਰ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਦਾ ਧਿਆਨ ਭਾਰਤ ਸਰਕਾਰ ਦੇ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਕੋਲ ਲੰਬਿਤ ਪਏ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਨੂੰ ਵਿਚਾਰਨ ਅਤੇ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਵੱਲ ਦਿਵਾਇਆ। ਉਨ੍ਹਾਂ ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਮੰਤਰਾਲੇ ਨਾਲ ਤਾਲਮੇਲ ਕਰਨ ਅਤੇ ਇਨ੍ਹਾਂ ਮੁੱਦਿਆਂ ਨੂੰ ਅੱਗੇ ਖੜਨ ਲਈ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਉਮੀਦ ਪਰਗਟ ਕੀਤੀ ਕਿ ਕੇਂਦਰੀ ਮੰਤਰੀ ਨਿੱਜੀ ਤੌਰ ’ਤੇ ਆਪਣੇ ਮੰਤਰਾਲੇ ਦੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਤੇਜ਼ੀ ਨਾਲ ਵਿਚਾਰ ਕਰਨ/ਅੰਤਿਮ ਰੂਪ ਦੇਣ ਦੀ ਸਲਾਹ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 18 ਜ਼ਿਲ੍ਹੇ ਪਹਿਲਾਂ ਹੀ ਚਾਰ ਮਾਰਗੀ/ਛੇ ਮਾਰਗੀ ਸੜਕਾਂ ਰਾਹੀਂ ਰਾਸ਼ਟਰੀ ਮਾਰਗਾਂ ਨਾਲ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਸਿਰਫ ਫਿਰੋਜ਼ਪੁਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਅਜੇ ਵੀ ਦੋ ਮਾਗਰੀ ਸੜਕਾਂ ਰਾਹੀਂ ਰਾਸ਼ਟਰੀ ਮਾਰਗਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਚਾਰ ਮਾਰਗੀ/ਛੇ ਮਾਰਗੀ ਰਾਸ਼ਟਰੀ ਮਾਰਗਾਂ ਨਾਲ ਜੋੜਣ ਦੀ ਬੇਨਤੀ ਕਰਦੇ ਹੋਏ ਐਨ.ਐਚ-703 ਦਾ ਬਰਨਾਲਾ ਮਾਨਸਾ ਸੈਕਸ਼ਨ ਅਤੇ ਐਨ.ਐਚ-10 ਦਾ ਡੱਬਵਾਲੀ-ਮਲੋਟ-ਅਬੋਹਰ-ਫਾਜ਼ਿਲਕਾ ਸੈਕਸ਼ਨ ਚਾਰ ਮਾਰਗੀ ਪ੍ਰਵਾਨ ਕਰਨ ਲਈ ਕਿਹਾ ਹੈ ਕਿਉਂਕਿ ਇਹ ਪ੍ਰੋਜੈਕਟ ਦੇਸ਼ ਦੀ ਰਾਸ਼ਟਰੀ ਹਾਈਵੇਜ਼ ਅਥਾਰਟੀ ਕੋਲ ਲੰਬਿਤ ਪਇਆ ਹੋਇਆ ਹੈ।
ਮੁੱਖ ਮੰਤਰੀ ਨੇ ਇਸ ਦੀ ਪ੍ਰਵਾਨਗੀ ਲਈ ਕੇਂਦਰੀ ਮੰਤਰੀ ਦੀ ਮਦਦ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ-ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ-ਮਲੋਟ ਸੈਕਸ਼ਨਾਂ ਦਾ ਪੱਧਰ ਉੱਪਰ ਚੁੱਕਣ ਦੀ ਪ੍ਰਕਿਰਿਆ ਤੇਜ਼ ਕਰਨ ਤੋਂ ਇਲਾਵਾ ਖੰਨਾ-ਮਲੇਰਕੋਟਲਾ-ਰਾਏਕੋਟ-ਜਗਰਾਓਂ-ਨਕੋਦਰ ਨੂੰ ਨਵੇਂ ਰਾਸ਼ਟਰੀ ਮਾਰਗ ਵਜੋਂ ਐਲਾਨਣ ਦੀ ਬੇਨਤੀ ਕੀਤੀ ਹੈ ਕਿਉਂਕਿ ਇਹ ਐਨ.ਐਚ-1 (ਹੁਣ ਐਨ.ਐਚ-44) ਨੰ.1 ਰਾਹੀਂ ਐਨ.ਐਚ-95 ਦੇ ਐਨ.ਐਚ-71 ਨਾਲ ਜੁੜਿਆ ਹੋਇਆ ਹੈ। ਮੁੱਖ ਮੰਤਰੀ ਵੱਲੋਂ ਆਪਣੇ ਪੱਤਰ ਵਿਚ ਇਕ ਹੋਰ ਮਹੱਤਵਪੂਰਨ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਬੰਗਾ-ਗੜ੍ਹਸ਼ੰਕਰ-ਆਨੰਦਪੁਰ ਸਾਹਿਬ-ਨੈਨਾ ਦੇਵੀ ਸੜਕ ਦਾ ਪੱਧਰ ਰਾਸ਼ਟਰੀ ਮਾਗਰ ਵਜੋਂ ਕਰਨ ਲਈ ਆਖਿਆ ਹੈ। ਇਸ ਸਬੰਧ ਵਿਚ ਰਸਮੀ ਨੋਟੀਫਿਕੇਸ਼ਨ ਅਜੇ ਵੀ ਭਾਰਤ ਸਰਕਾਰ ਕੋਲ ਲੰਬਿਤ ਪਿਆ ਹੋਇਆ ਹੈ ਜਦਕਿ ਇਸ ਨੂੰ ਰਸਮੀ ਪ੍ਰਵਾਨਗੀ ਦਿੱਤੀ ਹੋਈ ਹੈ।
ਮੁੱਖ ਮੰਤਰੀ ਨੇ ਚਾਰ ਮਾਰਗੀ ਪ੍ਰੋਜੈਕਟ ਸੂਬੇ ਦੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੂੰ ਦੇਣ ਲਈ ਵੀ ਆਖਿਆ ਹੈ ਕਿਉਂਕਿ ਇਸ ਦਾ ਸਮਰਪਿਤ ਸਟਾਫ ਹੈ ਅਤੇ ਇਹ ਰਾਸ਼ਟਰੀ ਮਾਰਗ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਸਮਰਪਣ ਨਾਲ ਕੰਮ ਕਰ ਸਕਦਾ ਹੈ। ਭਾਰਤ ਸਰਕਾਰ ਦੇ ਸੜਕ ਟਰਾਂਸਪੋਰਟ ਸਿਸਟਮ ਅਤੇ ਹਾਈਵੇਜ਼ ਮੰਤਰਾਲੇ ਨੇ ਰਾਸ਼ਟਰੀ ਹਾਈਵੇਜ਼ (ਓ) ਦੀ ਸਲਾਨਾ ਯੋਜਨਾ 1049 ਕਰੋੜ ਰੁਪਏ ਪ੍ਰਵਾਨ ਕਰਨ ਲਈ ਸਧਾਂਤਿਕ ਸਹਿਮਤੀ ਦਿੱਤੀ ਹੈ ਪਰ ਪਹਿਲੇ ਪੜਾਅ ਦੌਰਾਨ ਸਿਰਫ 158 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਇਸ ਦਾ ਜ਼ਿਕਰ ਕਰਦੇ ਹੋਏ ਬੇਨਤੀ ਕੀਤੀ ਕਿ 418.48 ਕਰੋੜ ਰੁਪਏ ਦੀ ਬਕਾਇਆ ਡੀ.ਪੀ.ਆਰਜ਼ ਚਾਲੂ ਵਿੱਤੀ ਸਾਲ ਦੌਰਾਨ ਮੰਤਰਾਲੇ ਕੋਲ ਪੇਸ਼ ਕੀਤੀ ਗਈ ਹੈ ਜਿਸ ਨੂੰ ਛੇਤੀ ਤੋਂ ਛੇਤੀ ਪ੍ਰਵਾਨ ਕੀਤਾ ਜਾਵੇਗਾ। ਉਨ੍ਹਾਂ ਨੇ ਐਨ.ਐਚ-95 ਸੜਕ ਦੇ ਲੁਧਿਆਣਾ-ਤਲਵੰਡੀ ਭਾਈ ਸੈਕਸ਼ਨ ਦੇ ਚਾਰ ਮਾਰਗੀ ਨਾਲ ਸਬੰਧਤ ਲੰਬਿਤ ਪਏ ਮੁੱਦਿਆਂ ਨੂੰ ਵੀ ਹੱਲ ਕਰਨ ਦੀ ਮੰਤਰਾਲੇ ਨੂੰ ਬੇਨਤੀ ਕੀਤੀ ਜਿਸ ਦਾ ਕੰਮ ਬੀ.ਓ.ਟੀ ਆਧਾਰ ’ਤੇ ਕਨਸਲਟੈਂਟ (ਮੈਸਰਜ਼ ਏਸਲ ਇਨਫਰਾਸਟਰਕਚਰ) ਰਾਹੀਂ ਐਨ.ਐਚ.ਆਈ.ਏ. ਦੁਆਰਾ ਮਾਰਚ 2012 ਵਿਚ ਸ਼ੁਰੂ ਕੀਤਾ ਗਿਆ ਸੀ ਪਰ ਇਸ ਨੂੰ ਬਾਅਦ ਵਿਚ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਮੁਲਤਵੀ ਕਰਨ ਨਾਲ ਲੋਕਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।