
ਬਾਲ ਵਿਕਾਸ ਵਿਭਾਗ ਨੇ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ
ਧੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ’ਤੇ ਵੀ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਬਾਲ ਵਿਕਾਸ ਵਿਭਾਗ ਵੱਲੋਂ ਅੱਜ ਇੱਥੇ ਸੀਡੀਪੀਓ ਗੁਰਸਿਮਰਨ ਕੌਰ ਦੀ ਅਗਵਾਈ ਹੇਠ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਲਾਕੇ ਦੇ ਮਹਿਲਾ ਕੌਂਸਲਰ ਜਸਪ੍ਰੀਤ ਕੌਰ ਅਤੇ ਕੌਂਸਲਰ ਦਵਿੰਦਰ ਕੌਰ ਨੇ ਫੀਤਾ ਕੱਟ ਕੇ ਸਮਾਰੋਹ ਦਾ ਉਦਘਾਟਨ ਕੀਤਾ। ਉਪਰੰਤ ਲੋਹੜੀ ਬਾਲਣ ਦੀ ਰਸਮ ਨਿਭਾਈ। ਇਸ ਮੌਕੇ ਨਵ-ਜੰਮੀਆਂ ਧੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਜਸਪ੍ਰੀਤ ਕੌਰ ਨੇ ਕਿਹਾ ਕਿ ਲੋਹੜੀ ਮੁੱਖ ਤਿਉਹਾਰ ਹੈ, ਜੋ ਚਾਵਾਂ ਨਾਲ ਮਨਾਇਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਧੀਆਂ ਦੀ ਲੋਹੜੀ ਮਨਾਈ ਜਾਣ ਲੱਗੀ ਹੈ, ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਪੱਧਰ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਲੋਕ ਵੀ ਜਾਗਰੂਕ ਹੋ ਰਹੇ ਹਨ ਅਤੇ ਬੇਟੀ ਪੜਾਓ-ਬੇਟੀ ਬਚਾਓ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਦਵਿੰਦਰ ਕੌਰ ਨੇ ਕਿਹਾ ਕਿ ਧੀਆਂ ਹੀ ਮਾਪਿਆਂ ਨਾਲ ਵੱਧ ਮੋਹ ਅਤੇ ਪਿਆਰ ਕਰਦੀਆਂ ਹਨ। ਨਗਰ ਨਿਗਮ ਵਿੱਚ ਅੌਰਤ ਕੌਂਸਲਰਾਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਨੇ ਧੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ’ਤੇ ਵੀ ਜ਼ੋਰ ਦਿੱਤਾ। ਸੀਡੀਪੀਓ ਗੁਰਸਿਮਰਨ ਕੌਰ ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧੀਆਂ ਨੂੰ ਆਪਣੇ ਬੋਝ ਨਾ ਸਮਝਣ ਬਲਕਿ ਉਨ੍ਹਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਤਾਂ ਜੋ ਉਹ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਸਮਾਜ ਨਾਲ ਇਨਸਾਫ਼ ਕਰ ਸਕਣ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਐਨੀ ਕੁ ਜਾਗਰੂਕਤਾ ਆ ਜਾਵੇ ਕਿ ਬੇਟੀ ਪੜਾਓ-ਬੇਟੀ ਬਚਾਓ ਵਰਗੇ ਨਾਅਰਿਆਂ ਦੀ ਲੋੜ ਹੀ ਨਾ ਜਾਵੇ।