ਸਿਵਲ ਸਰਜਨ ਨੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤੇ ਯੋਜਨਾਵਾਂ ਦੀ ਕੀਤੀ ਸਮੀਖਿਆ

ਸੀਨੀਅਰ ਸਿਹਤ ਅਧਿਕਾਰੀਆਂ ਨਾਲ ਕੀਤੀ ਮਹੀਨਾਵਾਰ ਬੈਠਕ, ਜ਼ਰੂਰੀ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮਹੀਨਾਵਾਰ ਸਮੀਖਿਆ ਬੈਠਕ ਕੀਤੀ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਹਦਾਇਤਾਂ ਦਿੱਤੀਆਂ। ਡੇਂਗੂ, ਮਲੇਰੀਆ, ਚਿਕਨਗੁਨੀਆ ਸਮੇਤ ਬਰਸਾਤੀ ਮੌਸਮ ਵਿੱਚ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ‘ਤੇ ਜ਼ੋਰ ਦਿੰਦਿਆਂ ਸਿਵਲ ਸਰਜਨ ਨੇ ਤਮਾਮ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਘਰ-ਘਰ ਜਾ ਕੇ ਕੀਤੀ ਜਾ ਰਹੀ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਬੁਖ਼ਾਰ ਦੇ ਕੇਸ ਬਹੁਤ ਘੱਟ ਹਨ ਪਰ ਫਿਰ ਵੀ ਚੌਕਸੀ ਬਹੁਤ ਜ਼ਰੂਰੀ ਹੈ।
ਡਾ. ਆਦਰਸ਼ਪਾਲ ਕੌਰ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਧੀਨ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਸਰਕਾਰੀ ਸਿਹਤ ਸੰਸਥਾ ਵਿੱਚ ਤਿਰੰਗਾ ਲਹਿਰਾਉਣ ਲਈ ਵੀ ਆਖਿਆ। 15 ਅਗਸਤ ਤੋਂ ਸ਼ੁਰੂ ਹੋ ਰਹੇ ‘ਆਮ ਆਦਮੀ ਕਲੀਨਿਕਾਂ’ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿਚ 15 ਅਗਸਤ ਨੂੰ 14 ਕਲੀਨਿਕ ਸ਼ੁਰੂ ਹੋ ਂਰਹੇ ਹਨ ਅਤੇ ਸਬੰਧਤ ਸੀਨੀਅਰ ਅਧਿਕਾਰੀ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਇਹ ਕਲੀਨਿਕ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋਣ ਅਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ।
ਸਿਵਲ ਸਰਜਨ ਨੇ ਕਿਹਾ ਕਿ ਹਰ ਸਰਕਾਰੀ ਸਿਹਤ ਸੰਸਥਾ ਦਾ ਮੁਖੀ ਇਹ ਵੀ ਯਕੀਨੀ ਬਣਾਏ ਕਿ ਸਰਕਾਰੀ ਸਿਹਤ ਸੰਸਥਾ ਵਿੱਚ ਜਾਂਚ ਅਤੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜ਼ਰੂਰੀ ਤੇ ਐਮਰਜੈਂਸੀ ਦਵਾਈਆਂ ਦੀ ਕਮੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਹਸਪਤਾਲਾਂ ਦੇ ਮੁਖੀਆਂ ਨੂੰ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ, ਸਟਾਫ਼ ਨਾਲ ਰੈਗੂਲਰ ਮੀਟਿੰਗਾਂ ਕਰਨ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਜਨਤਾ ਨਾਲ ਸਿੱਧੇ ਤੌਰ ’ਤੇ ਡੀਲ ਕਰਨ ਵਾਲੇ ਮੁਲਾਜ਼ਮ ਡਿਊਟੀ ਸਮੇਂ ਅਪਣੀ ਸੀਟ ’ਤੇ ਮੌਜੂਦ ਰਹਿਣ ਅਤੇ ਕਿਸੇ ਵੀ ਸਿਹਤ ਸੰਸਥਾ ਵਿੱਚ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਜਾਵੇਗੀ।
‘ਕਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਕੋਵਿਡ ਟੀਕਾਕਰਨ ਅਤੇ ਕੋਵਿਡ ਸੈਂਪਲਿੰਗ ਦੀ ਮੁਹਿੰਮ ਨੂੰ ਸਫਲਤਾ ਨਾਲ ਚਲਾਉਣ ਲਈ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਵਿਸ਼ੇਸ਼ ਤੌਰ ’ਤੇ ਸਿਹਤ ਵਿਭਾਗ ਲਈ ਵੱਡੀ ਚੁਨੌਤੀ ਬਣੀ ਹੋਈ ਹੈ ਪਰ ਹਾਲੇ ਵੀ ਇਹ ਬੀਮਾਰੀ ਖ਼ਤਮ ਨਹੀਂ ਹੋਈ। ਤਿਉਹਾਰਾਂ ਦੇ ਸਨਮੁਖ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਬੀਮਾਰੀ ਤੋਂ ਬਚਾਅ ਲਈ ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ’ਤੇ ਇਕ ਦੂਜੇ ਤੋਂ ਸਮਾਜਿਕ ਦੂਰੀ ਰੱਖਣ ਜਿਹੇ ਬੁਨਿਆਦੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੇ ਨਾਲ-ਨਾਲ ਹਰੇਕ ਲਾਭਪਾਤਰੀ ਆਪਣਾ ਮੁਕੰਮਲ ਟੀਕਾਕਰਨ ਕਰਵਾਏ।
ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਰੇਨੂ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਕਸ਼ੇ ਕੁਮਾਰ, ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਸਮੇਤ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…