ਸਿਵਲ ਸਰਜਨ ਨੇ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ

ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ’ਚ ਕੋਈ ਕਸਰ ਬਾਕੀ ਨਾ ਰਹੇ: ਡਾ. ਰੁਪਿੰਦਰ ਗਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਮੁਹਾਲੀ ਦੇ ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁੱਢਲੀਆਂ ਸਿਹਤ ਸਹੂਲਤਾਂ ਤੇ ਹਸਪਤਾਲ ਵਿਚਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਨੇ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਉਪਲਬਧਤਾ ਅਤੇ ਮੈਡੀਕਲ ਸਾਜ਼ੋ-ਸਮਾਨ ਦੀ ਵੀ ਜਾਂਚ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੋਵਿਡ ਵਾਰਡ ਅਤੇ ਲੈਬਾਰਟਰੀ ਵਿੱਚ ਵੀ ਫੇਰੀ ਪਾਈ।
ਡਾ. ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਕੋਵਿਡ ਕੇਸਾਂ ਨਾਲ ਨਜਿੱਠਣ ਲਈ ਟੈੱਸਟ, ਦਵਾਈ ਅਤੇ ਇਲਾਜ ਸਬੰਧੀ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਐਮਰਜੈਂਸੀ ਵਾਰਡ ਸਮੇਤ ਹਸਪਤਾਲ ਵਿੱਚ ਸਾਫ਼-ਸਫ਼ਾਈ ਦਾ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਹਸਪਤਾਲ ਕੰਪਲੈਕਸ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਮਰੀਜ਼ਾਂ ਨੂੰ ਵਧੀਆ ਮਾਹੌਲ ਦਿੱਤਾ ਜਾਵੇ। ਸਿਵਲ ਸਰਜਨ ਨੇ ਹਪਸਤਾਲ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲ ਕਰਕੇ ਉਨ੍ਹਾਂ ਦਾ ਹਾਲ ਜਾਣਿਆ। ਉਨ੍ਹਾਂ ਨੇ ਹਸਪਤਾਲ ਵਿੱਚ ਪ੍ਰਬੰਧਾਂ ਅਤੇ ਸਹੂਲਤਾਂ ’ਤੇ ਤਸੱਲੀ ਪ੍ਰਗਟਾਉਂਦਿਆਂ ਐਸਐਮਓ ਸਮੇਤ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ।
ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਆਉਣ ਲਈ ਨਾ ਕਿਹਾ ਜਾਵੇ ਸਗੋਂ ਹਸਪਤਾਲ ਵਿੱਚ ਉਪਲਬਧ ਦਵਾਈਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਾ. ਗਿੱਲ ਨੇ ਸੂਬਾ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿੱਚ ਮਿਲਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਅਣਗਹਿਲੀ ਨਾ ਵਰਤੀ ਜਾਵੇ। ਇਸ ਦੌਰਾਨ ਉਨ੍ਹਾਂ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ ਅਤੇ ਹਦਾਇਤ ਕੀਤੀ ਕਿ ਦਫ਼ਤਰ ਆਉਣ ਅਤੇ ਜਾਣ ਦੇ ਸਮੇਂ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ। ਇਸ ਤੋਂ ਪਹਿਲਾਂ ਐਸਐਮਓ ਡਾ. ਐਚਐਸ ਚੀਮਾ ਅਤੇ ਹੋਰਨਾਂ ਅਧਿਕਾਰੀਆਂ ਤੇ ਡਾਕਟਰਾਂ ਨੇ ਨਵੇਂ ਸਿਵਲ ਸਰਜਨ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚਐਸ ਚੀਮਾ ਤੇ ਡਾ. ਵਿਜੈ ਭਗਤ, ਡਾ. ਪਰਮਿੰਦਰਜੀਤ ਸਿੰਘ, ਡਾ. ਬਬਨਦੀਪ ਕੌਰ, ਨਰਸਿੰਗ ਸਿਸਟਰ ਜਸਵਿੰਦਰ ਕੌਰ ਅਤੇ ਹੋਰ ਮੌਜੂਦ ਸਨ।

Load More Related Articles

Check Also

Mann Govt in Action: Minister Ravjot Singh Cracks Down on Civic Negligence, Orders Swift Clean-Up in Dera Bassi

Mann Govt in Action: Minister Ravjot Singh Cracks Down on Civic Negligence, Orders Swift C…