nabaz-e-punjab.com

‘ਮੇਰਾ ਪਿੰਡ ਮੇਰੀ ਸ਼ਾਨ’: ਮੁਹਿੰਮ ਤਹਿਤ ਸਭ ਤੋਂ ਸਾਫ਼-ਸੁਥਰੇ ਪਿੰਡ ਨੂੰ ਦਿੱਤਾ ਜਾਵੇਗਾ 2 ਲੱਖ ਰੁਪਏ ਦਾ ਇਨਾਮ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੀਆਂ ਸੁਤੰਤਰ ਕਮੇਟੀਆਂ ਕਰਨਗੀਆਂ ਜੇਤੂਆਂ ਦੀ ਚੋਣ
ਜੇਤੂਆਂ ਨੂੰ 2 ਅਕਤੂਬਰ ਨੂੰ ਦਿੱਤੇ ਜਾਣਗੇ ਨਗਦ ਇਨਾਮ, ਡੀਸੀ ਵੱਲੋਂ ਲੋਕਾਂ ਨੂੰ ਵੱਧ ਚੜ੍ਹ ਕੇ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਦੇ ਮੰਤਵ ਨਾਲ ‘ਸਵੱਛ ਸਰਵੇਖਣ ਗ੍ਰਾਮੀਣ-2018’ ਤਹਿਤ ਮੇਰਾ ਪਿੰਡ ਮੇਰੀ ਸ਼ਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਸਫ਼ਾਈ ਸਬੰਧੀ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਗਤੀਵਿਧੀਆਂ ਸਬੰਧੀ ਚੰਗੀ ਕਾਰਗੁਜ਼ਾਰੀ ਦੇ ਅਧਾਰ ’ਤੇ ਹੌਸਲਾ ਅਫ਼ਜਾਈ ਲਈ ਦੋ ਅਕਤੂਬਰ ਨੂੰ ਨਕਦ ਇਨਾਮ ਅਤੇ ਪੁਰਸਕਾਰ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਦਿੱਤੀ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਵੱਲੋਂ ਮੇਰਾ ਪਿੰਡ ਮੇਰੀ ਸ਼ਾਨ ਮੁਹਿੰਮ ਅਧੀਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਵਿਚ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੀ ਸਾਫ਼ ਸਫ਼ਾਈ, ਕਿਸੇ ਵੀ ਜਨਤਕ ਥਾਂ ਤੇ ਗੰਦਾ ਪਾਣੀ ਖੜ੍ਹਾ ਨਾ ਹੋਣ ਦੇਣਾ, ਖੁੱਲ੍ਹੇ ਵਿਚ ਸ਼ੌਚ ਦੀ ਪ੍ਰਥਾ ਬੰਦ ਕਰਨੀ, ਸੋਕੇਜ ਪਿੱਟ ਦੀ ਉਸਾਰੀ, ਘਰ ਵਿਚਲੀ ਠੋਸ ਰਹਿੰਦ ਖੂੰਹਦ ਨੂੰ ਵੱਖ ਵੱਖ ਕਰਨਾ, ਖੱੁਲ੍ਹੇ ਵਿੱਚ ਸ਼ੌਚ ਕਰਨ ਅਤੇ ਕੂੜਾ ਕਰਕਟ ਸੁੱਟਣ ਦਾ ਰੁਝਾਨ ਖ਼ਤਮ ਕਰਨ ਲਈ ਸਵੇਰ ਸਮੇਂ ਨਿਗਰਾਨੀ ਕਰਨੀ, ਪਾਣੀ ਦੀ ਬਰਬਾਦੀ ਰੋਕਣ ਲਈ ਸਵੇਰ ਸਮੇਂ ਨਿਗਰਾਨੀ ਕਰਨੀ, 24 ਘੰਟੇ ਤੇ 7 ਦਿਨ ਜਾਂ 10 ਘੰਟੇ ਪਾਣੀ ਦੀ ਸਪਲਾਈ ਸਥਾਪਤ ਕਰਨੀ, ਪੀਣ ਵਾਲੇ ਪਾਣੀ ਦੀ ਸਹੀ ਤਰੀਕੇ ਨਾਲ ਸੰਭਾਲ ਅਤੇ ਸਟੋਰੇਜ ਅਤੇ ਜਲ ਸਪਲਾਈ ਸਕੀਮਾਂ ਦੀ ਵਿੱਤੀ ਸਥਿਤੀ ਵਿਚ ਸਥਿਰਤਾ ਲਿਆਉਣਾ ਆਦਿ ਸ਼ਾਮਿਲ ਹਨ।
ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੇ ਸਭ ਤੋਂ ਸਾਫ਼ ਸੁਥਰੇ ਪਿੰਡ ਨੂੰ 2 ਲੱਖ ਰੁਪਏ, ਜ਼ਿਲ੍ਹੇ ਵਿਚਲੇ ਸਭ ਤੋਂ ਸਾਫ਼ ਸੁਥਰੇ ਪੇਂਡੂ ਸਿਹਤ ਕੇਂਦਰ ਨੂੰ ਇਕ ਲੱਖ ਰੁਪਏ, ਸਭ ਤੋਂ ਸਾਫ਼ ਸੁਥਰੀ ਪੇਂਡੂ ਆਂਗਨਵਾੜੀ ਨੂੰ 50 ਹਜ਼ਾਰ ਰੁਪਏ, ਸਭ ਤੋਂ ਸਾਫ਼ ਸੁਥਰੇ ਪੇਂਡੂ ਸੀਨੀਅਰ ਸੈਕੰਡਰੀ ਸਕੂਲ ਨੂੰ ਇਕ ਲੱਖ ਰੁਪਏ, ਸਭ ਤੋਂ ਸਾਫ਼ ਸੁਥਰੇ ਪੇਂਡੂ ਪ੍ਰਾਇਮਰੀ/ਮਿਡਲ ਸਕੂਲ ਨੂੰ 50 ਹਜ਼ਾਰ ਰੁਪਏ, ਬਲਾਕ ਪੱਧਰ ਦੀ ਸਭ ਤੋਂ ਵਧੀਆ ਓ.ਡੀ.ਐਫ. ਨਿਗਰਾਨ ਕਮੇਟੀ/ਗਰੁੱਪ ਨੂੰ 25 ਹਜ਼ਾਰ ਰੁਪਏ ਅਤੇ ਜ਼ਿਲ੍ਹਾ ਪੱਧਰ ਦੀ ਸਭ ਤੋਂ ਵਧੀਆ ਓ.ਡੀ.ਐਫ. ਨਿਗਰਾਨ ਕਮੇਟੀ/ਗਰੁੱਪ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਤੂਆਂ ਦੀ ਚੋਣ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੀ ਸੁਤੰਤਰ ਕਮੇਟੀ ਵੱਲੋਂ ਕੀਤੀ ਜਾਵੇਗੀ। ਵਲੰਟੀਅਰਜ਼ ਅਤੇ ਸਵੱਛਤਾ ਚੈਂਪੀਅਨਜ਼ ਸਬੰਧੀ ਹੋਰਨਾਂ ਇਨਾਮਾਂ ਬਾਰੇ www.pbdwss.gov.in ਤੋਂ ਮੁੱਢਲੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਮੁਹਿੰਮ ਸਬੰਧੀ ‘ਸਵੱਛ ਪੰਜਾਬ ਮੋਬਾਈਲ ਐਪ’ ਵੀ ਸ਼ੁਰੂ ਕੀਤੀ ਗਈ ਹੈ। ਜਿਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਇਸ ਮੁਹਿੰਮ ਸਬੰਧੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਰੂਰਲ ਸੈਨੀਟੇਸ਼ਨ ਦੇ ਅਧਾਰ ’ਤੇ ਪੂਰੇ ਭਾਰਤ ਵਿੱਚ ਜ਼ਿਲ੍ਹਿਆਂ ਦੀ ਰੈਕਿੰਗ ਨੂੰ ਵਧੀਆ ਬਣਾਉਣ ਲਈ ਸਵੱਛ ਸਰਵੇਖਣ ਗ੍ਰਾਮੀਣ-2018 ਲਾਂਚ ਕੀਤਾ ਗਿਆ ਹੈ। ਇਹ ਰੈਕਿੰਗ ਨਾਗਰਿਕਾਂ ਦੀਆਂ ਇਸ ਅਭਿਆਨ ਪ੍ਰਤੀ ਧਾਰਨਾਵਾਂ ਅਤੇ ਸੁਝਾਵਾਂ, ਵੱਖ-ਵੱਖ ਅਦਾਰਿਆਂ ਦੇ ਸਰਵੇਖਣਾਂ ਦੇ ਨਾਲ-ਨਾਲ ਅੰਕੜਿਆਂ ਅਤੇ ਗੁਣਵੱਤਾ ਦੇ ਅਧਾਰ ’ਤੇ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…