ਲਾਂਡਰਾਂ ਤੋਂ ਸਰਹਿੰਦ ਮੁੱਖ ਸੜਕ ’ਤੇ ਬੱਸ ਕਿਊ ਸ਼ੈਲਟਰਾਂ ਦੀ ਹਾਲਤ ਮਾੜੀ, ਲੋਕ ਪ੍ਰੇਸ਼ਾਨ

ਡੀਸੀ ਮੁਹਾਲੀ ਨੇ ਐਨਐਚਆਈ ਤੇ ਲੋਕ ਨਿਰਮਾਣ ਵਿਭਾਗ ਤੋਂ ਰਿਪੋਰਟ ਮੰਗੀ

ਬੱਸ ਕਿਊ ਸ਼ੈਲਟਰਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇਗੀ: ਡੀਸੀ ਅਮਿਤ ਤਲਵਾੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਇੱਥੋਂ ਦੇ ਲਾਂਡਰਾਂ-ਸਰਹਿੰਦ ਮੁੱਖ ਸੜਕ ’ਤੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਬੱਸ ਕਿਊ ਸ਼ੈਲਟਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਧਿਆਨੀ ਦੇ ਚੱਲਦਿਆਂ ਖੰਡਰ ਬਣ ਕੇ ਰਹਿ ਗਏ ਹਨ। ਸੜਕ ਦੇ ਦੋਵੇਂ ਪਾਸੇ ਵੱਖ-ਵੱਖ ਪਿੰਡਾਂ ਦੇ ਬਾਹਰਵਾਰ ਅੱਡਿਆਂ ’ਤੇ ਲੋਕਾਂ ਦੀ ਸੁਵਿਧਾ ਲਈ ਕਰੀਬ ਦੋ ਦਰਜਨ ਬੱਸ ਕਿਊ ਸ਼ੈਲਟਰ ਬਣਾਏ ਗਏ ਸਨ। ਜਿਨ੍ਹਾਂ ’ਚੋਂ ਜ਼ਿਆਦਾਤਰ ਬੱਸ ਕਿਊ ਸ਼ੈਲਟਰਾਂ ਦੀ ਹਾਲਤ ਬਦਤਰ ਬਣੀ ਹੋਈ ਹੈ। ਲਗਪਗ ਸਾਰੇ ਬੱਸ ਕਿਊ ਸ਼ੈਲਟਰਾਂ ’ਤੇ ਬੈਠਣ ਲਈ ਕੁਰਸੀਆਂ ਤੱਕ ਨਹੀਂ ਹਨ, ਜਿੱਥੇ ਕਿਤੇ ਕੁਰਸੀਆਂ ਲੱਗੀਆਂ ਹੋਈਆਂ ਹਨ, ਉਹ ਟੁੱਟੀਆਂ ਹੋਈਆਂ ਹਨ। ਕਈ ਬੱਸ ਕਿਊ ਸ਼ੈਲਟਰਾਂ ਦੀਆਂ ਛੱਤਾਂ ਤੱਕ ਨਹੀਂ ਹਨ। ਹਾਲਾਂਕਿ ਇਸ ਸੜਕ ਤੋਂ ਰੋਜ਼ਾਨਾ ਮੰਤਰੀ, ਸਿਆਸੀ ਆਗੂ ਅਤੇ ਸੀਨੀਅਰ ਅਫ਼ਸਰ ਲੰਘਦੇ ਹਨ ਪ੍ਰੰਤੂ ਸ਼ਾਇਦ ਹੁਣ ਤੱਕ ਕਿਸੇ ਦੀ ਖੰਡਰ ਬਣਦੇ ਜਾ ਰਹੇ ਇਨ੍ਹਾਂ ’ਤੇ ਨਜ਼ਰ ਨਹੀਂ ਪਈ ਜਾਂ ਜਾਣਬੁੱਝ ਕੇ ਅਣਦੇਖਾ ਕੀਤਾ ਜਾ ਰਿਹਾ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਰਾਜਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਭਾਵੇਂ ਇਹ ਸੜਕ ਸਟੇਟ ਹਾਈਵੇਅ ਹੈ ਪ੍ਰੰਤੂ ਇਸ ਦੀ ਦੇਖਰੇਖ ਨੈਸ਼ਨਲ ਹਾਈਵੇਅ ਅਥਾਰਟੀ (ਐਨਐਚਆਈ) ਕੋਲ ਹੈ।
ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਗਿਆਨ ਸਿੰਘ ਧੜਾਕ, ਹਾਕਮ ਸਿੰਘ ਡਿੱਪੂ ਹੋਲਡਰ ਧੜਾਕ, ਰਾਣਾ ਕਰਮਜੀਤ ਸਿੰਘ ਝੰਜੇੜੀ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਸਰਕਾਰ ਵੱਲੋਂ ਲਾਂਡਰਾਂ-ਸਰਹਿੰਦ ਮੁੱਖ ਸੜਕ ’ਤੇ ਲੋਕਾਂ ਦੀ ਸਹੂਲਤ ਲਈ ਬੱਸ ਕਿਊ ਸ਼ੈਲਟਰ ਬਣਾਏ ਗਏ ਸਨ। ਉਦੋਂ ਇਹ ਦੇਖਣ ਨੂੰ ਵੀ ਵਧੀਆ ਲਗਦੇ ਸੀ ਅਤੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਲਗਾਈਆਂ ਗਈਆਂ ਸਨ ਹੁਣ ਕੁੱਝ ਸਮੇਂ ਤੋਂ ਸਰਕਾਰਾਂ ਅਤੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਜ਼ਿਆਦਾਤਰ ਬੱਸ ਕਿਊ ਸ਼ੈਲਟਰ ਖੰਡਰ ਬਣ ਚੁੱਕੇ ਹਨ। ਇੱਥੇ ਲੱਗੀਆਂ ਕੁਰਸੀਆਂ ਟੁੱਟ ਚੁੱਕੀਆਂ ਹਨ ਅਤੇ ਫੈਬਰ ਦੀਆਂ ਛੱਤਾਂ ਵੀ ਉੱਡ ਗਈਆਂ ਹਨ ਅਤੇ ਜੰਗਲੀ ਬੂਟੀ ਅਤੇ ਭੰਗ ਦੇ ਬੂਟੇ ਉੱਗੇ ਹੋਏ ਹਨ। ਜਿਸ ਕਾਰਨ ਅੱਤ ਦੀ ਗਰਮੀ ਵਿੱਚ ਪਿੰਡਾਂ ਦੇ ਲੋਕਾਂ ਨੂੰ ਧੁੱਪ ਵਿੱਚ ਖੜੇ ਹੋ ਕੇ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਕਈ ਵਾਰ ਸੜਕ ’ਤੇ ਖੜੇ ਹੋਣ ਨਾਲ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਇਸ ਸੜਕ ’ਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦਾ ਝੰਜੇੜੀ ਕੈਂਪਸ ਅਤੇ ਕੁਆਟਸ ਕਾਲਜ ਸਮੇਤ ਹੋਰਨਾਂ ਸਿੱਖਿਆ ਅਦਾਰਿਆਂ ਵਿੱਚ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ ਅਤੇ ਉਹ ਰੋਜ਼ਾਨਾ ਸਕੂਲ\ਕਾਲਜ ਆਉਂਦੇ ਅਤੇ ਜਾਂਦੇ ਹਨ ਪਰ ਇਹ ਬੱਸ ਕਿਊ ਸ਼ੈਲਟਰ ਕਿਸੇ ਦੇ ਵੀ ਕੰਮ ਨਹੀਂ ਆ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਬੱਸ ਕਿਊ ਸ਼ੈਲਟਰਾਂ ਦੀ ਮੁਰੰਮਤ ਕੀਤੀ ਜਾਵੇ। ਨਵੀਆਂ ਕੁਰਸੀਆਂ ਅਤੇ ਛੱਤਾਂ ਠੀਕ ਕੀਤੀਆਂ ਜਾਣ ਤਾਂ ਜੋ ਇਹ ਲੋਕਾਂ ਦੀ ਵਰਤੋਂ ਵਿੱਚ ਆ ਸਕਣ।
ਇਸ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਹੁਣ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਐਨਐਚਆਈ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਬੱਸ ਕਿਊ ਸ਼ੈਲਟਰਾਂ ਦੀ ਮੌਜੂਦਾ ਹਾਲਤ ਬਾਰੇ ਰਿਪੋਰਟ ਤਲਬ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਖਸਤਾ ਹਾਲਤ ਬੱਸ ਕਿਊ ਸ਼ੈਲਟਰਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇਗੀ ਤਾਂ ਜੋ ਇਹ ਲੋਕਾਂ ਦੀ ਵਰਤੋਂ ਵਿੱਚ ਆ ਸਕਣ।

ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਨੈਸ਼ਨਲ ਹਾਈਵੇਅ ਅਥਾਰਟੀ (ਐਨਐਚਆਈ) ਦੇ ਐਕਸੀਅਨ ਬਿੰਦਰਾ ਯੁਵਰਾਜ ਸਿੰਘ ਨੇ ਕਿਹਾ ਕਿ ਲਾਂਡਰਾਂ-ਸਰਹਿੰਦ ਸੜਕ ’ਤੇ ਬੱਸ ਕਿਊ ਸ਼ੈਲਟਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸਨ। ਹੁਣ ਇਨ੍ਹਾਂ ਦੀ ਮੁਰੰਮਤ ਕਰਵਾਉਣ ਅਤੇ ਰੱਖ-ਰਖਾਓ ਲਈ ਅਥਾਰਟੀ ਨੂੰ ਦੁਬਾਰਾ ਨਵੇਂ ਸਿਰਿਓਂ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …