ਮੁਹਾਲੀ ਦੀਆਂ ਸੜਕਾਂ ਦੀ ਹਾਲਤ ਖਸਤਾ: ਵਿਧਾਇਕ ਨਿਊਯਾਰਕ ਵਿੱਚ ਕਰ ਰਹੇ ਨੇ ਸੜਕਾਂ ਦਾ ਉਦਘਾਟਨ

ਡਾ. ਭੀਮ ਰਾਓ ਅੰਬੇਦਕਰ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਸ੍ਰੀ ਗੁਰੂ ਰਵਿਦਾਸ ਸਭਾ ਅਤੇ ਬੇਗਮਪੁਰਾ ਕਲਚਰਲ ਸੁਸਾਇਟੀ ਵੱਲੋਂ 60 ਅਤੇ 62 ਸਟਰੀਟ ਰੋਡ ਨਿਊਯਾਰਕ (ਅਮਰੀਕਾ) ਦੀ ਸੜਕ ਦਾ ਨਾਂ ਡਾ. ਬੀ.ਆਰ. ਅੰਬੇਦਕਰ ਦੇ ਨਾਂ ’ਤੇ ਰੱਖਿਆ ਗਿਆ ਹੈ। ਜਿਸ ਦਾ ਉਦਘਾਟਨ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਜਦੋਂਕਿ ‘ਆਪ’ ਵਿਧਾਇਕ ਦੇ ਆਪਣੇ ਹਲਕੇ ਮੁਹਾਲੀ ਦੇ ਸ਼ਹਿਰੀ ਖੇਤਰ ਅਤੇ ਕਈ ਨੇੜਲੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ। ਹਾਲਾਂਕਿ ਮੀਡੀਆ ਅਤੇ ਪੇਂਡੂ ਲੋਕਾਂ ਵੱਲੋਂ ਇਹ ਸਮੱਸਿਆ ਵਿਧਾਇਕ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਉਨ੍ਹਾਂ ਵੱਲੋਂ ਆਪਣੇ ਇਲਾਕੇ ਦੀਆਂ ਟੁੱਟੀਆਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜੰਗੀ ਯਾਦਗਾਰ ਸਮੇਤ ਚੱਪੜਚਿੜੀ ਲਿੰਕ ਸੜਕ ਦੀ ਹਾਲਤ ਕਾਫ਼ੀ ਮਾੜੀ ਹੈ। ਬਰਸਾਤ ਦੇ ਦਿਨਾਂ ਵਿੱਚ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟੁੱਟੀਆਂ ਸੜਕਾਂ ਸਰਕਾਰ ਦੇ ਵਿਕਾਸ ਪੱਖੀ ਦਾਅਵਿਆਂ ਨੂੰ ਝੂਠਲਾ ਰਹੀਆਂ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਿੱਥੇ ਖ਼ੁਦ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ, ਉੱਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀਆਂ ਅਨੇਕਾਂ ਉਦਾਹਰਨਾਂ ਆਪਣੇ ਭਾਸ਼ਣਾਂ ਵਿੱਚ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਸਾਨੂੰ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਵਿਧਾਇਕ ਨੇ ਕਿਹਾ ਕਿ ਮੁਹਾਲੀ ਨਾ ਸਿਰਫ਼ ਉਨ੍ਹਾਂ ਲਈ ਬਲਕਿ ਪੂਰੇ ਪੰਜਾਬ ਭਰ ਦੇ ਲੋਕਾਂ ਲਈ ਸੁਪਨਿਆਂ ਦਾ ਸ਼ਹਿਰ ਹੈ ਅਤੇ ਉਹ ਮੁਹਾਲੀ ਨੂੰ ਦੁਨੀਆ ਦੇ ਨਕਸ਼ੇ ’ਤੇ ਚਮਕਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰ ਰਹੇ ਹਨ।
ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਬੰਗਾ ਨੇ ‘ਆਪ’ ਵਿਧਾਇਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਨੇ ਜ਼ਮੀਨੀ ਪੱਧਰ ਤੋਂ ਉੱਠ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਿਆਂ ਵੱਡਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੀ ਸੁਸਾਇਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਸੜਕ ਦਾ ਉਦਘਾਟਨ ਕੁਲਵੰਤ ਸਿੰਘ ਦੇ ਹੱਥੋਂ ਹੋਇਆ ਹੈ। ਉਨ੍ਹਾਂ ਇਹ ਉਮੀਦ ਜਤਾਈ ਕਿ ਭਵਿੱਖ ਵਿੱਚ ਕੁਲਵੰਤ ਸਿੰਘ ਘੱਟ-ਗਿਣਤੀ ਲੋਕਾਂ ਦੀ ਭਲਾਈ ਲਈ ਇਸ ਤਰ੍ਹਾਂ ਕਾਰਜ ਕਰਦੇ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…