
ਚੱਪੜਚਿੜੀ ਜੰਗੀ ਯਾਦਗਾਰ ਸੜਕ ਦੀ ਹਾਲਤ ਖਸਤਾ, ਡਿਪਟੀ ਮੇਅਰ ਨੇ ਪ੍ਰਬੰਧਾਂ ’ਤੇ ਵੀ ਚੁੱਕੇ ਸਵਾਲ
ਕਿਹਾ ‘ਆਪ’ ਸਰਕਾਰ, ਸੈਰ-ਸਪਾਟਾ ਮੰਤਰੀ ਤੇ ਵਿਧਾਇਕ ਨੇ ਜੰਗੀ ਯਾਦਗਾਰ ਨੂੰ ਵਿਸਾਰਿਆ: ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿੱਚ ਚੱਪੜਚਿੜੀ ਵਿੱਚ ਬਣਾਈ ਗਈ ਜੰਗੀ ਯਾਦਗਾਰ ਨੂੰ ਜਾਂਦੀ ਸੜਕ ਦੀ ਬਹੁਤ ਖਸਤਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਚੱਪੜਚਿੜੀ ਤੋਂ ਮੁਹਾਲੀ ਪਹੁੰਚ ਲਿੰਕ ਸੜਕ ’ਤੇ ਵੀ ਵੱਡੇ ਖੱਡੇ ਪਏ ਹੋਏ ਹਨ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਚੱਪੜਚਿੜੀ ਜੰਗੀ ਯਾਦਗਾਰ ਦੇ ਪ੍ਰਬੰਧਾਂ ਅਤੇ ਸਾਂਭ-ਸੰਭਾਲ਼ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਦੀ ‘ਆਪ’ ਸਰਕਾਰ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਦੀ ਕਾਰਗੁਜ਼ਾਰੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕੌਮ ਦੇ ਮਹਾਨ ਜਰਨੈਲ ਦੀ ਯਾਦਗਾਰ ਨੂੰ ਬਿਲਕੁਲ ਵਿਸਾਰ ਦਿੱਤਾ ਹੈ।
ਅੱਜ ਚੱਪੜਚਿੜੀ ਯਾਦਗਾਰ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਬੇਦੀ ਨੇ ਕਿਹਾ ਕਿ ਮਈ ਮਹੀਨਾ ਕੌਮ ਅਤੇ ਇਲਾਕੇ ਲਈ ਬਹੁਤ ਮਹੱਤਵਪੂਰਨ ਹੈ, ਇਨ੍ਹਾਂ ਦਿਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਅਤੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਹਿੰਦ ਫਤਿਹ ਦਿਵਸ ਨੇੜੇ ਆ ਗਿਆ ਹੈ ਅਤੇ 12 ਮਈ ਨੂੰ ਚੱਪੜਚਿੜੀ ਤੋਂ ਫਤਹਿਗੜ੍ਹ ਸਾਹਿਬ ਅਲੌਕਿਕ ਫਤਿਹ ਮਾਰਚ ਕੱਢਿਆ ਜਾਣਾ ਹੈ ਪ੍ਰੰਤੂ ਥਾਂ-ਥਾਂ ’ਤੇ ਸੜਕ ਟੁੱਟੀ ਹੋਈ ਹੈ ਅਤੇ ਵੱਡੀ ਗਿਣਤੀ ਵਿੱਚ ਖੱਡੇ ਪਏ ਹੋਏ ਹਨ। ਜੰਗੀ ਯਾਦਗਾਰ ਨੇੜੇ ਜੰਗੀ ਬੂਟੀ ਉੱਗੀ ਹੋਈ ਹੈ। ਦੇਸ਼ ਦੀ ਸਭ ਉੱਚੀ ਫਤਿਹ ਮੀਨਾਰ ਨੂੰ ਹਾਲੇ ਤੱਕ ਲਿਫ਼ਟ ਨਹੀਂ ਜੁੜੀ ਹੈ। ਚੱਪੜਚਿੜੀ ਜੰਗੀ ਯਾਦਗਾਰ ਦੇ ਰੱਖ-ਰਖਾਓ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਸੌਂਪ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆ ਰਹੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਰਹਿੰਦ ਫਤਿਹ ਦਿਵਸ ਤੋਂ ਪਹਿਲਾਂ-ਪਹਿਲਾਂ ਸੜਕ ਬਣਾਈ ਜਾਵੇਗੀ ਪਰ ਹੁਣ ਤੱਕ ਇਸ ਦਿਸ਼ਾ ਵਿੱਚ ਪੂਣੀ ਤੱਕ ਨਹੀਂ ਕੱਤੀ ਗਈ। ਜਿਸ ਕਾਰਨ ਸ਼ਰਧਾਲੂਆਂ, ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਹੈ।