ਮੁਹਾਲੀ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਖਸਤਾ, ਰਾਹਗੀਰ ਅੌਖੇ
ਗਮਾਡਾ ਲਿੰਕ ਸੜਕਾਂ ਨੂੰ ਆਪਣੇ ਅਧੀਨ ਲੈ ਕੇ ਬੁਨਿਆਦੀ ਢਾਂਚਾ ਮਜ਼ਬੂਤ ਕਰੇ: ਕੁਲਜੀਤ ਬੇਦੀ
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁੱਖ ਮੰਤਰੀ ਤੇ ਪੁੱਡਾ ਮੰਤਰੀ ਨੂੰ ਲਿਖਿਆ ਪੱਤਰ
ਨਬਜ਼-ਏ-ਪੰਜਾਬ, ਮੁਹਾਲੀ, 13 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿੰਡਾਂ ਦੀਆਂ ਜ਼ਿਆਦਾਤਰ ਲਿੰਕ ਸੜਕਾਂ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ। ਸੜਕਾਂ ’ਤੇ ਖੱਡੇ ਪੈਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੜਕਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਤਿਹਾਸਕ ਨਗਰ ਚੱਪੜਚਿੜੀ ਸਮੇਤ ਪਿੰਡ ਬਾਕਰਪੁਰ ਤੋਂ ਬੜੀ, ਬੜੀ ਤੋਂ ਕੁਰੜੀ, ਕੁਰੜੀ ਤੋਂ ਸੇਖਣਮਾਜਰਾ, ਕੁਰੜਾ, ਕੁਰੜੀ ਤੋਂ ਪੱਤੋਂ, ਮਾਣਕਪੁਰ ਕੱਲਰ, ਸਿਆਊ ਤੋਂ ਮਟਰਾਂ, ਬੜੀ ਤੋਂ ਛੱਤਬੀੜ ਸਮੇਤ ਹੋਰ ਕਈ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ।
ਇਹ ਸਾਰਾ ਇਲਾਕਾ ਮੁਹਾਲੀ ਸ਼ਹਿਰੀ ਖੇਤਰ ਦੇ ਬਿਲਕੁਲ ਨਾਲ ਲਗਦਾ ਹੈ ਅਤੇ ਗਮਾਡਾ ਵੱਲੋਂ ਇੱਥੇ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਹਨ ਅਤੇ ਪ੍ਰਾਈਵੇਟ ਬਿਲਡਰਾਂ ਵੱਲੋਂ ਕਲੋਨੀਆਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਪਿੰਡਾਂ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਲਿੰਕ ਸੜਕਾਂ ਦੀ ਹਾਲਤ ਮਾੜੀ ਹੋਣ ਕਾਰਨ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ ਅਤੇ ਹੁਣ ਤੱਕ ਕਈ ਹਾਦਸੇ ਵੀ ਵਾਪਰ ਚੁੱਕੇ ਹਨ।
ਇਸ ਸਬੰਧੀ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁੱਡਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਪੱਤਰ ਲਿਖ ਕੇ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਲੋੜ ਅਨੁਸਾਰ ਚੌੜੀਆਂ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਪਿੰਡਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਗੁਹਾਰ ਲਗਾਈ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੁਹਾਲੀ ਨੇੜਲੇ ਪਿੰਡਾਂ ਨੂੰ ਗਮਾਡਾ ਅਧੀਨ ਲੈ ਕੇ ਲਿੰਕ ਸੜਕਾਂ ਅਤੇ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲ ਸਕਣ, ਜਿਸ ਦੇ ਉਹ ਹੱਕਦਾਰ ਹਨ। ਇਸ ਮੌਕੇ ਸਾਬਕਾ ਸਰਪੰਚ ਸਵਰਨ ਸਿੰਘ ਕੁਰੜੀ, ਨੰਬਰਦਾਰ ਗੁਰਮੇਲ ਸਿੰਘ ਅਤੇ ਅਜੈਬ ਸਿੰਘ ਬਾਕਰਪੁਰ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਮੁਹਾਲੀ ਤੋਂ ਚੱਪੜਚਿੜੀ ਨੂੰ ਜਾਂਦੀ ਲਿੰਕ ਸੜਕ ਅਤੇ ਚੱਪੜਚਿੜੀ ਤੋਂ ਫਤਿਹ ਬੁਰਜ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ। ਕੁਲਜੀਤ ਬੇਦੀ ਨੇ ਦੱਸਿਆ ਕਿ ਚੱਪੜਚਿੜੀ ਜੰਗੀ ਯਾਦਗਾਰ ’ਤੇ ਰੋਜ਼ਾਨਾ ਸੈਂਕੜੇ ਲੋਕ ਨਤਮਸਤਕ ਹੋਣ ਆਉਂਦੇ ਹਨ। ਉਂਜ ਵੀ ਮੁਹਾਲੀ ਤੋਂ ਖਰੜ ਜਾਣ ਵਾਲੇ ਰਾਹਗੀਰ ਲਾਂਡਰਾਂ ਜਾਮ ਵਿੱਚ ਫਸਣ ਤੋਂ ਬਚਣ ਲਈ ਵਾਇਆ ਚੱਪੜਚਿੜੀ ਨੂੰ ਹੋ ਕੇ ਲੰਘਦੇ ਹਨ ਪ੍ਰੰਤੂ ਇਸ ਸੜਕ ’ਤੇ ਬੇਸੁਮਾਰ ਖੱਡੇ ਪਏ ਹੋਏ ਹਨ ਲੇਕਿਨ ਸਰਕਾਰ ਲਿੰਕ ਸੜਕਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ।