ਕਾਂਗਰਸੀ ਕੌਂਸਲਰ ਨੇ ਪਹਿਲਾਂ ਮੀਡੀਆ ’ਤੇ ਦੋਸ਼ ਲਾਏ ਫਿਰ ਹੱਥ ਜੋੜ ਕੇ ਮੁਆਫ਼ੀ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਮੁਹਾਲੀ ਨਗਰ ਨਿਗਮ ਦੀ ਮੀਟਿੰਗ ਦੇ ਖ਼ਤਮ ਹੋਣ ’ਤੇ ਜਦੋਂ ਮੀਡੀਆ ਕਰਮੀ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੱਲੋਂ ਹਾਊਸ ਵਿੱਚ ਨਿਗਮ ਅਧਿਕਾਰੀਆਂ ’ਤੇ ਲਾਏ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਬਾਰੇ ਉਨ੍ਹਾਂ ਪੱਖ ਲੈ ਰਹੇ ਸਨ ਤਾਂ ਉਸ ਵੇਲੇ ਹਾਲਾਤ ਅਚਾਨਕ ਤਣਾਓ ਪੂਰਨ ਹੋ ਗਏ ਜਦੋਂ ਇੱਥੋਂ ਦੇ ਸੈਕਟਰ-70 ਦੇ ਕਾਂਗਰਸੀ ਕੌਂਸਲਰ ਪ੍ਰਮੋਦ ਮਿੱਤਰਾ ਨੇ ਮਨਜੀਤ ਸੇਠੀ ਸਮੇਤ ਸਮੁੱਚੇ ਮੀਡੀਆ ’ਤੇ ਇਹ ਦੋਸ਼ ਲਗਾ ਦਿੱਤਾ ਕਿ ਉਹ ਸਾਰੇ ਵਿਕੇ ਹੋਏ ਹਨ ਅਤੇ ਉਨ੍ਹਾਂ ਦੀ ਤਾਂ ਪੈਸੇ ਲਏ ਬਿਨਾ ਕੋਈ ਖ਼ਬਰ ਤੱਕ ਨਹੀਂ ਲਗਾਉਂਦਾ।
ਮਿੱਤਰਾ ਦੀ ਇਸ ਟਿੱਪਣੀ ’ਤੇ ਸੇਠੀ ਅਤੇ ਮੀਡੀਆ ਕਰਮੀ ਭੜਕ ਗਏ। ਜਦੋਂ ਮਿੱਤਰਾ ਨੂੰ ਪੁੱਛਿਆ ਗਿਆ ਕਿ ਪੈਸੇ ਕੌਣ ਮੰਗਦਾ ਹੈ, ਉਹ ਨਾਮ ਜਨਤਕ ਕੀਤਾ ਜਾਵੇ ਤਾਂ ਅੱਗੋਂ ਮਿੱਤਰਾ ਨੇ ਕਹਿ ਕੇ ਬਲਦੀ ’ਤੇ ਤੇਲ ਪਾ ਦਿੱਤਾ ਕਿ ਸਾਰੇ ਹੀ ਮੰਗਦੇ ਹਨ। ਬਾਅਦ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੌਕਾ ਸੰਭਾਲਦੇ ਹੋਏ ਪੱਤਰਕਾਰਾਂ ਨੂੰ ਸ਼ਾਂਤ ਕੀਤਾ ਅਤੇ ਮਿੱਤਰਾ ਨੂੰ ਜ਼ਾਬਤੇ ਵਿੱਚ ਰਹਿਣ ਦੀ ਹਦਾਇਤ ਕੀਤੀ। ਇਸ ਮੌਕੇ ਮੇਅਰ ਦੇ ਦਫ਼ਤਰ ਵਿੱਚ ਕਾਂਗਰਸੀ ਕੌਂਸਲਰ ਮਿੱਤਰਾ ਵੱਲੋਂ ਜਨਤਕ ਤੌਰ ’ਤੇ ਪੱਤਰਕਾਰਾਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਗਈ। ਕਿ ਜੇਕਰ ਉਸ ਦੀ ਟਿੱਪਣੀ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਉਹ ਮੁਆਫ਼ੀ ਮੰਗਦੇ ਹਨ। ਇਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਰ ਤੋਂ ਬਾਅਦ ਸਿੱਧੂ ਭਰਾਵਾਂ ਵੱਲੋਂ ਕੁੱਝ ਦਿਨ ਪਹਿਲਾਂ ਚੋਣਾਂ ਵਿੱਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਭਵਿੱਖ ਦੀ ਰਣਨੀਤੀ ਘੜਨ ਲਈ ਸਮੂਹ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਦੀ ਮੀਟਿੰਗ ਸੱਦੀ ਗਈ ਸੀ। ਉਸ ਮੀਟਿੰਗ ਵਿੱਚ ਵੀ ਉਕਤ ਕੌਂਸਲਰ ਨੇ ਸਿੱਧੂ ਨੂੰ ਇਹ ਸਲਾਹ ਦਿੱਤੀ ਸੀ ਕਿ ਸਾਬਕਾ ਮੇਅਰ ਤੇ ਆਪ ਵਿਧਾਇਕ ਕੁਲਵੰਤ ਸਿੰਘ ਆਪਣੇ ਕੌਂਸਲਰਾਂ ਨੂੰ ਕਥਿਤ ਤੌਰ ’ਤੇ 50-50 ਲੱਖ ਰੁਪਏ ਦੇ ਕੇ ਆਪਣੇ ਨਾਲ ਜੋੜ ਕੇ ਰੱਖਦੇ ਹਨ। ਤੁਸੀਂ (ਸਿੱਧੂ) ਵੀ ਘੱਟੋ-ਘੱਟ 15-20 ਲੱਖ ਦੇ ਦਿਆ ਕਰੋ ਤਾਂ ਇੰਜ ਬੰਦੇ ਟਿੱਕੇ ਰਹਿਣਗੇ। ਇਹ ਗੱਲ ਸੁਣ ਕੇ ਸਿੱਧੂ ਕਾਫ਼ੀ ਭੜਕ ਗਏ ਸੀ ਅਤੇ ਕਹਿਣ ਲੱਗੇ ਕੀ ਹੁਣ ਉਹ ਆਪਣੀ ਕੋਠੀ ਵੀ ਵੇਚ ਦੇਵੇ?

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…