nabaz-e-punjab.com

ਵਿਦੇਸ਼ੀ ਮੁਲਕਾਂ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਾਗੂ ਹੋ ਗਿਆ ਸੀ ਖਪਤਕਾਰ ਐਕਟ: ਬ੍ਰਿਗੇਡੀਅਰ ਅਵਤਾਰ ਸਿੰਘ

ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਵੱਲੋਂ ਖਾਲਸਾ ਸਕੂਲ ਵਿੱਚ ਖਪਤਕਾਰ ਜਾਗਰੂਕਤਾ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਨਵੰਬਰ:
ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਮੁਹਾਲੀ ਵੱਲੋਂ ਇੱਥੋਂ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫੇਜ਼-8 ਵਿੱਚ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬ੍ਰਿਗੇਡੀਅਰ (ਸੇਵਾਮੁਕਤ) ਅਵਤਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਪਤਕਾਰ ਐਕਟ ਵਿਦੇਸ਼ੀ ਮੁਲਕਾਂ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਾਗੂ ਕਰ ਦਿੱਤਾ ਗਿਆ ਸੀ ਪ੍ਰੰਤੂ ਭਾਰਤ ਵਿੱਚ ਇਹ ਐਕਟ 1986 ਵਿੱਚ ਲਾਗੂ ਕੀਤਾ ਗਿਆ ਲੇਕਿਨ ਮੌਜੂਦਾ ਸਮੇਂ ਵਿੱਚ ਇਸ ਐਕਟ ਬਾਰੇ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹਨ। ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਾਰੇ ਸਕੂਲੀ ਬੱਚਿਆਂ ਨੂੰ ਵੀ ਸਹੀ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਸਾਬਕਾ ਜੱਜ ਐਚ.ਐਸ. ਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਛੋਟੇ ਤੋਂ ਛੋਟਾ ਸਮਾਨ ਖਰੀਦਣ ਵੇਲੇ ਜਾਗਰੂਕ ਰਹਿਣ ਅਤੇ ਮਿਲਾਵਟ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਲਾਵਟੀ ਸਮਾਨ ਵੇਚਣ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸ਼ਿਕਾਇਤ ਦੇਣ ਅਤੇ ਮੁਆਵਜ਼ਾ ਮੰਗਣ ਤੋਂ ਗੁਰੇਜ਼ ਨਾ ਕੀਤਾ ਜਾਵੇ।
ਇਸ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਐਮਡੀਐਸ ਸੋਢੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਖਪਤਕਾਰ ਐਕਟ ਬਾਰੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਦੇ ਨਾਲ ਨਾਲ ਮਿਲਾਵਟਖ਼ੋਰਾਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ ਤਾਂ ਜੋ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਾ ਭਾਗੀ ਬਣਾਇਆ ਜਾ ਸਕੇ।
ਜ਼ਿਲ੍ਹਾ ਫੂਡ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਮਨ ਸ਼ਰਮਾ ਨੇ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਬਾਰੇ ਸੁਚੇਤ ਕਰਦਿਆਂ ਖਪਤਕਾਰਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਬਾਜ਼ਾਰ ਵਿੱਚ ਕੋਈ ਵੀ ਸਮਾਨ ਖ਼ਰੀਦਦੇ ਸਮੇਂ ਪੂਰੀ ਸਾਵਧਾਨੀ ਵਰਤਣ। ਸੰਸਥਾ ਦੇ ਜਨਰਲ ਸਕੱਤਰ ਕਰਨਲ (ਸੇਵਾਮੁਕਤ) ਅੰਗਦ ਸਿੰਘ ਖਪਤਕਾਰ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਪਤਕਾਰਾਂ ਦੇ ਵੀ ਅਨੇਕਾਂ ਅਧਿਕਾਰ ਹੁੰਦੇ ਹਨ ਅਤੇ ਖਪਤਕਾਰਾਂ ਦੀਆਂ ਕਈ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਨ ਖ਼ਰੀਦਣ ਵੇਲੇ ਬਿਲ ਜ਼ਰੂਰ ਲੈਣ ਤਾਂ ਕਿ ਸਬੰਧਤ ਸਮਾਨ ਵਿੱਚ ਜੇ ਕੋਈ ਨੁਕਸ ਮਿਲੇ ਤਾਂ ਉਸ ਦਾ ਮੁਆਵਜ਼ਾ ਵਸੂਲਿਆ ਜਾ ਸਕੇ। ਐਸ ਐਸ ਗੁਰਾਇਆ ਨੇ ਕਵਿਤਾ ਰਾਹੀਂ ਖਪਤਕਾਰਾਂ ਨੂੰ ਜਾਗਰੂਕ ਕੀਤਾ।
ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਸੰਸਥਾ ਵੱਲੋਂ ਖਪਤਕਾਰ ਐਕਟ ਬਾਰੇ ਜੋ ਜਾਣਕਾਰੀ ਸਕੂਲੀ ਬੱਚਿਆਂ ਅਤੇ ਆਮ ਸ਼ਹਿਰੀਆਂ ਨੂੰ ਦਿੱਤੀ ਗਈ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਇਸੇ ਤਰ੍ਹਾਂ ਖਪਤਕਾਰਾਂ ਨੂੰ ਜਾਗਰੂਕ ਕੀਤਾ ਜਾਂਦਾ ਰਹੇਗਾ। ਇਸ ਮੌਕੇ ਡੀਪੀਆਈ (ਸੇਵਾਮੁਕਤ) ਪੀਐਸ ਭੋਪਾਲ ਅਤੇ ਜੋਰਾ ਸਿੰਘ ਭੁੱਲਰ ਸਾਬਕਾ ਸਰਪੰਚ ਚੱਪੜਚਿੜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ, ਡਾ. ਓਮਾ ਸ਼ਰਮਾ, ਹਰਗੋਬਿੰਦ ਸਿੰਘ, ਏਆਰ ਕੁਮਾਰ ਅਤੇ ਹੋਰ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …