ਠੇਕੇਦਾਰ ਯੂਨੀਅਨ ਨੇ ਗਮਾਡਾ ਅਧਿਕਾਰੀਆਂ ’ਤੇ ਆਪਣੇ ਚਹੇਤੇ ਠੇਕੇਦਾਰ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼

ਕਿਹਾ: ਨਿਯਮਾਂ ਦੀ ਉਲੰਘਣਾ ਕਰਨ ਵਾਲੀ ਨਿੱਜੀ ਕੰਪਨੀ ਨੂੰ ਬਲੈਕ ਲਿਸਟ ਕਰਨ ਦੀ ਥਾਂ ਕੰਮ ਦੇ ਕੇ ਨਿਵਾਜ ਰਹੇ ਹਨ ਅਧਿਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਕਟਰੈਕਰ ਐਸੋਸੀਏਸ਼ਨ ਪੁੱਡਾ ਨੇ ਗਮਾਡਾ ਅਧਿਕਾਰੀਆਂ ਤੇ ਇਲਜਾਮ ਲਗਾਇਆ ਹੈ ਕਿ ਉਹਨਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਆਪਣੀ ਇੱਕ ਚਹੇਤੀ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਲਟਾ ਉਸ ਕੰਪਨੀ ਨੂੰ ਨਵੇਂ ਕੰਮ ਦੇ ਕੇ ਨਵਾਜਿਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਹਰਸ਼ਦੀਪ ਸਿੰਘ ਸਰਾਂ ਅਤੇ ਜਨਰਲ ਸਕੱਤਰ ਸ੍ਰੀ ਵੇਦ ਪ੍ਰਕਾਸ਼ ਗੋਇਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਮਾਡਾ ਅਧਿਕਾਰੀਆਂ ਵੱਲੋਂ ਇੱਕ ਪਾਸੇ ਤਾਂ ਮਾੜੀ ਜਿਹੀ ਵੀ ਕਮੀ ਹੋਣ ਤੇ ਠੇਕੇਦਾਰ ਨੂੰ ਨੋਟਿਸ ਦੇ ਕੇ ਉਸਨੂੰ ਬਲੈਕ ਲਿਸਟ ਜਾਂ ਡੀ ਬਾਰ ਕਰ ਦਿੱਤਾ ਜਾਂਦਾ ਹੈ ਪਰੰਤੂ ਇਸ ਕੰਪਨੀ ਵਲੋੱ ਵਾਰ ਵਾਰ ਬੇਨਿਯਮੀਆਂ ਕੀਤੇ ਜਾਣ ਦੇ ਬਾਵਜੂਦ ਗਮਾਡਾ ਅਧਿਕਾਰੀ ਇਸ ਤੇ ਮਿਹਰਬਾਨ ਹਨ ਅਤੇ ਉਸਨੂੰ ਇੱਕ ਤੋੱ ਬਾਅਦ ਇੱਕ ਕੰਮ ਅਲਾਟ ਕੀਤੇ ਜਾ ਰਹੇ ਹਨ।
ਠੇਕੇਦਾਰ ਵੱਲੋਂ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਕਤ ਕੰਪਨੀ ਵੈਸ਼ ਕੰਸਟ੍ਰਕਸ਼ਨ ਨੂੰ ਆਈ ਟੀ ਪਾਰਕ ਦੀਆਂ ਸੜਕਾਂ ਦੇ ਰੱਖ ਰਖਾਓ ਦਾ ਟੈਂਡਰ ਅਲਾਟ ਕਰਨ ਦੀ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਗਮਾਡਾ ਵਲੋੱ ਜਦੋਂ ਪਹਿਲੀ ਵਾਰ ਇਹ ਟੈਂਡਰ ਜਾਰੀ ਕੀਤਾ ਗਿਆ ਸੀ ਉਸ ਵੇਲੇ ਸਿਰਫ ਇੱਕ ਕੰਪਨੀ ਵੱਲੋਂ ਟੈਂਡਰ ਭਰਨ ਕਾਰਨ ਇਹ ਟੈਂਡਰ ਰੱਦ ਕਰ ਦਿੱਤਾ ਗਿਆ ਸੀ ਅਤੇ ਜਦੋਂ ਦੁਬਾਰਾ ਟੈਂਡਰ ਜਾਰੀ ਹੋਇਆ ਤਾਂ ਗਮਾਡਾ ਵੱਲੋਂ ਇਸ ਕੰਮ ਤੇ ਹੋਣ ਵਾਲੀ ਜੀਐਸਟੀ ਦੀ ਅਦਾਇਗੀ ਬਾਰੇ ਸਪੱਸ਼ਟ ਸਥਿਤੀ ਨਾ ਦੱਸਣ ਤੇ ਠੇਕੇਦਾਰਾਂ ਵੱਲੋਂ ਵੇਲੇ ਟੈਂਡਰ ਦਾ ਬਾਈਕਾਟ ਕੀਤਾ ਗਿਆ ਜਦੋਂ ਕਿ ਵੈਸ਼ ਕੰਸਟ੍ਰਕਸ਼ਨ ਕੰਪਨੀ ਵੱਲੋਂ ਇਹ ਟੈਂਡਰ ਭਰਿਆ ਗਿਆ ਅਤੇ ਸਿੰਗਲ ਟੈਂਡਰ ਹੋਣ ਦੇ ਬਾਵਜੂਦ ਗਮਾਡਾ ਵੱਲੋਂ ਇਹ ਕੰਮ ਉਕਤ ਕੰਪਨੀ ਨੂੰ ਅਲਾਟ ਕੀਤਾ ਜਾ ਰਿਹਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਗਮਾਡਾ ਵੱਲੋਂ ਇਸ ਕੰਪਨੀ ਨੂੰ ਨਿਯਮਾਂ ਤੋਂ ਉਪਰ ਉਠ ਕੇ ਕੰਮ ਅਲਾਟ ਕੀਤੇ ਜਾਂਦੇ ਰਹੇ ਹਨ। ਪੱਤਰ ਵਿੱਚ ਇਲਜਾਮ ਲਗਾਇਆ ਗਿਆ ਹੈ ਕਿ ਗਮਾਡਾ ਅਧਿਕਾਰੀਆਂ ਵਲੋੱ ਮਿਲੀਭੁਗਤ ਨਾਲ ਇਸ ਕੰਪਨੀ ਨੂੰ ਪੀਆਰ 9 ਅਤੇ ਟੀਡੀਆਈ 200 ਫੁੱਟ ਸੜਕ ਦੇ ਰੱਖ ਰਖਾਓ ਦਾ ਕੰਮ ਵੀ ਅਲਾਟ ਕੀਤਾ ਗਿਆ ਸੀ ਜਦੋਂ ਕਿ ਇਸ ਸੰਬੰਧੀ ਹੇਠਲੇ ਅਧਿਕਾਰੀਆਂ ਵੱਲੋਂ ਇਤਰਾਜ ਚੁੱਕਿਆ ਗਿਆ ਸੀ। ਇਸਦੇ ਬਾਵਜੂਦ ਉੱਚ ਅਧਿਕਾਰੀਆਂ ਵੱਲੋਂ ਯੋਗ ਨਾ ਹੋਣ ਦੇ ਬਾਵਜੂਦ ਇਸ ਕੰਪਨੀ ਨੂੰ ਇਹ ਕੰਮ ਅਲਾਟ ਕਰ ਦਿੱਤਾ ਗਿਆ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪੰਜਾਬ ਵਿਜੀਲੈਂਸ ਵਿਭਾਗ ਦੀ ਜਾਂਚ ਵਿੱਚ ਦੋਸ਼ੀ ਪਾਏ ਜਾਣ ਅਤੇ ਇਸ ਕੰਪਨੀ ਤੋੱ 30-35 ਲੱਖ ਦੀ ਰਿਕਵਰੀ ਕੀਤੇ ਜਾਣ ਦੇ ਬਾਵਜੂਦ ਗਮਾਡਾ ਅਧਿਕਾਰੀ ਇਸ ਕੰਪਨੀ ਤੇ ਮਿਹਰਬਾਨ ਹਨ ਜਿਸਦਾ ਮੁੱਖ ਕਾਰਨ ਇਹ ਹੈ ਕਿ ਵਿਭਾਗ ਦਾ ਇੱਕ ਸਾਬਕਾ ਮੁੱਖ ਇੰਜਨੀਅਰ ਇਸ ਕੰਪਨੀ ਵਿੱਚ ਹਿੱਸੇਦਾਰ ਹੈ। ਪੱਤਰ ਵਿੱਚ ਇਲਜਾਮ ਲਗਾਇਆ ਗਿਆ ਹੈ ਕਿ ਕੰਪਨੀ ਵਲੋੱ ਸਥਾਨਕ ਗੋਲਫ ਰੇਂਜ ਵਿੱਚ ਸਜਾਵਟੀ ਗੋਲੇ ਲਗਾਉਣ ਦਾ ਕੰਮ ਲਗਭਗ ਤਿੰਨ ਸਾਲ ਪਿਛੜ ਜਾਣ (ਅਤੇ ਹੁਣ ਤੱਕ ਮੁਕੰਮਲ ਨਾ ਹੋਣ ਦੇ ਬਾਵਜੂਦ) ਕੰਪਨੀ ਨੂੰ ਬਲੈਕ ਲਿਸਟ ਨਹੀਂ ਕੀਤਾ ਗਿਆ ਬਲਕਿ ਇਸ ਨੂੰ ਇੱਕ ਤੋਂ ਬਾਅਦ ਇੱਕ ਕੰਮ ਅਲਾਟ ਕੀਤੇ ਜਾ ਰਹੇ ਹਨ।
ਇਸ ਸਬੰਧੀ ਵੈਸ਼ ਕੰਸਟ੍ਰਕਸ਼ਨ ਕੰਪਨੀ ਦੇ ਮੁਖੀ ਸ੍ਰੀ ਵਿਸ਼ਾਲ ਕੁਮਾਰ ਨੇ ਕਿਹਾ ਕਿ ਜਿਹਨਾਂ ਠੇਕੇਦਾਰਾਂ ਵੱਲੋਂ ਉਹਨਾਂ ਦੇ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਉਹ ਖ਼ੁਦ ਵੱਖ ਵੱਖ ਮਹਿਕਮਿਆਂ ਵੱਲੋਂ ਬਲੈਕ ਲਿਸਟ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਕੰਪਨੀ ਤੇ ਲਗਾਏ ਜਾਣ ਵਾਲੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਹਨ ਅਤੇ ਇਹਨਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਇਹ ਇਲਜਾਮ ਸਿਰਫ ਇਸ ਕਰਕੇ ਲਗਾਏ ਜਾ ਰਹੇ ਹਨ ਕਿਉਂਕਿ ਉਹ ਇਹਨਾਂ ਠੇਕੇਦਾਰਾਂ ਦੇ ਗਰੁੱਪ ਦਾ ਹਿੱਸਾ ਨਹੀਂ ਬਣਦੇ ਅਤੇ ਹੋਰਨਾਂ ਕੰਪਨੀਆਂ ਤੋਂ ਘੱਟ ਰੇਟ ਤੇ ਟੈਂਡਰ ਭਰਕੇ ਮੈਰਿਟ ਦੇ ਆਧਾਰ ਤੇ ਕੰਮ ਹਾਸਿਲ ਕਰਦੇ ਹਨ। ਉਹਨਾਂ ਕਿਹਾ ਕਿ ਉਕਤ ਠੇਕੇਦਾਰਾਂ ਵੱਲੋਂ ਉਹਨਾਂ ਤੇ ਇਹ ਦਬਾਓ ਪਾਇਆ ਜਾਂਦਾ ਰਿਹਾ ਹੈ ਕਿ ਉਹ ਕੰਪਨੀ ਨੂੰ ਅਲਾਟ ਹੋਣ ਵਾਲੇ ਕੰਮ ਦਾ ਕੁੱਝ ਹਿੱਸਾ ਉਹਨਾਂ ਨੂੰ ਦੇ ਦੇਣ ਪਰੰਤੂ ਉਹ ਕਦੇ ਵੀ ਇਹਨਾਂ ਦੇ ਨਾਲ ਨਹੀਂ ਰਲੇ ਅਤੇ ਇਸ ਕਰਕੇ ਇਹਨਾਂ ਵੱਲੋਂ ਸਮੇਂ ਸਮੇਂ ’ਤੇ ਉਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਉਧਰ, ਇਸ ਸਬੰਧ ਵਿੱਚ ਗਮਾਡਾ ਦੇ ਮੁੱਖ ਇੰਜੀਨੀਅਰ ਸ੍ਰੀ ਸੁਨੀਲ ਕਾਂਸਲ ਨੇ ਕਿਹਾ ਕਿ ਗਮਾਡਾ ਵੱਲੋਂ ਹੁਣੇ ਆਈਟੀ ਸਿਟੀ ਦਾ ਟੈਂਡਰ ਅਲਾਟ ਨਹੀਂ ਕੀਤਾ ਗਿਆ ਹੈ ਅਤੇ ਵਿਭਾਗ ਵੱਲੋਂ ਜੀਐਸਟੀ ਬਾਰੇ ਸਪੱਸ਼ਟੀਕਰਨ ਹਾਸਿਲ ਕੀਤਾ ਜਾ ਰਿਹਾ ਹੈ। ਉਕਤ ਕੰਪਨੀ ਬਾਰੇ ਠੇਕੇਦਾਰਾਂ ਵੱਲੋਂ ਲਗਾਏ ਇਲਜਾਮਾਂ ਬਾਰੇ ਉਹਨਾਂ ਕਿਹਾ ਕਿ ਠੇਕੇਦਾਰਾਂ ਦਾ ਇਹ ਪੱਤਰ ਉਹਨਾਂ ਨੂੰ ਵੀ ਮਿਲਿਆ ਹੈ ਅਤੇ ਇਸਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਗਮਾਡਾ ਵਲੋੱ ਕਿਸੇ ਵੀ ਠੇਕੇਦਾਰ ਨੂੰ ਕੰਮ ਅਲਾਟ ਕਰਨ ਵੇਲੇ ਉਸ ਤੋਂ ਹਲਫ਼ੀਆ ਬਿਆਨ ਲਿਆ ਜਾਂਦਾ ਹੈ ਕਿ ਉਕਤ ਠੇਕੇਦਾਰ ਨੂੰ ਕਿਸੇ ਵੀ ਵਿਭਾਗ ਵੱਲੋਂ ਬਲੈਕ ਲਿਸਟ ਨਹੀਂ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਕੰਮ ਅਲਾਟ ਕੀਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …