nabaz-e-punjab.com

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਵਿਜੀਲੈਂਸ ਕਰੇਗੀ ਠੇਕੇਦਾਰਾਂ ਨੂੰ ਲੇਬਰ ਤੇ ਟਰਾਂਸਪੋਰਟ ਟੈਂਡਰ ਅਲਾਟ ਕਰਨ ਵਿੱਚ ਹੋਈ ਧੋਖਾਧੜੀ ਬਾਰੇ ਪੁੱਛਗਿੱਛ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਅਕਤੂਬਰ:
ਜਿਲਾ ਐਸਬੀਐਸ ਨਗਰ ਦੀ ਅਦਾਲਤ ਨੇ ਅੱਜ ਪੰਜਾਬ ਵਿਜੀਲੈਂਸ ਬਿਊਰੋ ਦੀ ਅਪੀਲ ‘ਤੇ ਸ਼ਹੀਦ ਭਗਤ ਸਿੰਘ (ਐਸ.ਬੀ.ਐਸ.) ਨਗਰ ਵਿਖੇ ਖਰੀਦ ਏਜੰਸੀਆਂ ਅਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਜ਼ਰੀਏ ਠੇਕੇਦਾਰਾਂ ਨੂੰ ਅਨਾਜ ਮੰਡੀਆਂ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਦੀ ਅਲਾਟਮੈਂਟ ਵਿੱਚ ਹੋਈ ਧੋਖਾਧੜੀ ਦੇ ਦੋਸ਼ਾਂ ਦੀ ਅਗਲੇਰੀ ਜਾਂਚ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 14 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਸਬੀਐਸ ਨਗਰ ਦੀਆਂ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰਾਂ ਵਿੱਚ ਹੋਏ ਵੱਡੇ ਘਪਲੇ ਦੀ ਜਾਂਚ ਕਰਨ ਉਪਰੰਤ ਦੋਸ਼ੀ ਠੇਕੇਦਾਰ ਤੇਲੂ ਰਾਮ, ਯਸ਼ਪਾਲ ਅਤੇ ਅਜੈਪਾਲ (ਦੋਵੇਂ ਭਰਾ) ਵਾਸੀ ਪਿੰਡ ਉਧਨਵਾਲ, ਤਹਿਸੀਲ ਬਲਾਚੌਰ ਦੇ ਖਿਲਾਫ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਮੁਕੱਦਮਾ ਨੰ. 18 ਮਿਤੀ 22-09-2022 ਤਹਿਤ ਕੇਸ ਦਰਜ ਕੀਤਾ ਹੋਇਆ ਹੈ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਤੇਲੂ ਰਾਮ ਠੇਕੇਦਾਰ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸਨੇ ਆਪਣੇ ਪਿੰਡ ਦੇ ਰਹਿਣ ਵਾਲੇ ਯਸ਼ਪਾਲ ਅਤੇ ਅਜੈਪਾਲ ਦੀ ਡੀਐਫਐਸਸੀ ਰਾਕੇਸ਼ ਭਾਸਕਰ ਨਾਲ ਮੁਲਾਕਾਤ ਕਰਾਉਣ ਵਿੱਚ ਮੱਦਦ ਕੀਤੀ, ਜਿਨਾਂ ਨੇ ਬਾਅਦ ਵਿੱਚ ਸਾਬਕਾ ਮੰਤਰੀ ਆਸ਼ੂ ਰਾਹੀਂ ਟੈਂਡਰ ਵੀ ਪ੍ਰਾਪਤ ਕੀਤੇ ਸਨ। ਤੇਲੂ ਰਾਮ ਨੇ ਆਪਣੀ ਡਾਇਰੀ ਵਿੱਚ ਬਹੁਤ ਸਾਰੀਆਂ ਐਂਟਰੀਆਂ ਅਤੇ ਲੇਖਾ-ਜੋਖਾ ਕੀਤਾ ਹੋਇਆ ਸੀ, ਜੋ ਪਹਿਲਾਂ ਹੀ ਵਿਜੀਲੈਂਸ ਦੁਆਰਾ ਜ਼ਬਤ ਕਰ ਲਈ ਗਈ ਹੈ ਜਿਸ ਦੇ ਅਧਾਰ ਤੇ ਵਿਜੀਲੈਂਸ ਬਿਊਰੋ ਨੇ ਉਪਰੋਕਤ ਮੁਲਜ਼ਮਾਂ ਤੇ ਹੋਰਨਾਂ ਨੂੰ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਉਪਰੋਕਤ ਸਾਰੇ ਦੋਸ਼ੀਆਂ ਦੇ ਆਪਸੀ ਸਬੰਧ ਸਾਹਮਣੇ ਆਏ ਹਨ, ਜਿਸ ਤਹਿਤ ਦੋਸ਼ੀ ਸਾਬਕਾ ਮੰਤਰੀ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਕੇ ਅਦਾਲਤ ਤੋਂ ਉਨ੍ਹਾਂ ਦਾ ਪ੍ਰੋਡਕਸ਼ਨ ਵਾਰੰਟ ਲਿਆ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਉਕਤ ਮੰਤਰੀ ਤੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…