ਮੌਜੂਦਾ ਆਨੰਦ ਮੈਰਿਜ ਐਕਟ ਇੱਕ ਛਲਾਵਾ, ਬਾਦਲ ਦਲ ਸਿੱਧੇ ਤੌਰ ’ਤੇ ਜ਼ਿੰਮੇਵਾਰ: ਭਾਈ ਹਰਦੀਪ ਸਿੰਘ

ਸਿੱਖ ਪਛਾਣ ਦੀ ਬਹਾਲੀ ਲਈ ਸੰਪੂਰਨ ਸਿੱਖ ਪਰਸਨਲ ਲਾਅ ਬਣਨਾ ਚਾਹੀਦੇ ਐ: ਮੈਂਬਰ ਐਸਜੀਪੀਸੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਜਨਵਰੀ:
ਸਿੱਖ ਪਛਾਣ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਦਹਾਕਿਆਂ ਬੱਧੀ ਰਾਜਸੀ ਰੋਟੀਆਂ ਸੇਕੀਆਂ ਹਨ ਪਰ ਰਾਜਸੀ ਸੱਤਾ ਪ੍ਰਾਪਤ ਕਰਕੇ ਬਾਦਲ ਦਲ ਨਾ ਕੇਵਲ ਇਹ ਮੁੱਦੇ ਭੁੱਲ ਗਿਆ ਸਗੋਂ ਰਾਜਸੀ ਭਾਈਵਾਲਾਂ ਨੂੰ ਖੁਸ਼ ਕਰਨ ਲਈ ਸਿੱਖੀ ਨੂੰ ਖੋਰਾ ਲਗਾਉਣ ਵਾਲੇ ਏਜੰਡੇ ਲਾਗੂ ਕੀਤੇ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਆਜ਼ਾਦ ਮੈਂਬਰ ਭਾਈ ਹਰਦੀਪ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਰਾਜ-ਸੱਤਾ ਦੇ ਨਸ਼ੇ ਵਿਚ ਲੰਬੇ ਸਮੇਂ ਤੋਂ ਸੁੱਤੇ ਪਏ ਅਕਾਲੀ ਦਲ ਨੂੰ ਸੱਤਾ ਗੁਆ ਕੇ ਹੁਣ ਪੰਥਕ ਏਜੰਡਾ ਚੇਤੇ ਆਉਣ ਲੱਗਾ ਹੈ, ਫਿਰ ਵੀ ਇਹ ਚੰਗੀ ਗੱਲ ਹੈ। ਮੌਜੂਦਾ ਆਨੰਦ ਮੈਰਿਜ ਐਕਟ ਦੀ ਸੋਧ ਤੇ ਇਸਦੇ ਲਾਗੂ ਹੋਣ ਦੇ ਬਿਆਨ ਸਿਰਫ਼ ਇੱਕ ਛਲਾਵਾ ਹੈ ਅਤੇ ਇਸ ਧੋਖੇ ਲਈ ਅਕਾਲੀ ਦਲ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਪੂਰੇ ਸਿੱਖ ਮੈਰਿਜ ਐਕਟ ਦੀ ਮੰਗ ਕੀਤੀ ਹੀ ਨਹੀਂ ਬਲਕਿ ਹਿੰਦੂ ਮੈਰਿਜ ਐਕਟ ਦੇ ਤਹਿਤ ਹੀ ਸਿੱਖ ਵਿਆਹ ਰਜਿਸਟਰ ਕਰਨ ਲਈ ਵੱਖਰਾ ਰਜਿਸਟਰ ਲਗਾਉਣ ਦਾ ਬਿੱਲ ਪੇਸ਼ ਕੀਤਾ ਸੀ। ਸਿੱਖ ਪਛਾਣ ਦੀ ਬਹਾਲੀ ਲਈ ਸੰਪੂਰਨ ਸਿੱਖ ਪਰਸਨਲ ਲਾਅ ਬਣਨਾ ਚਾਹੀਦਾ ਹੈ। ਜਿਸ ਦੇ ਵਿੱਚ ਹੀ ਸਿੱਖ ਮੈਰਿਜ ਐਕਟ ਆ ਜਾਵੇਗਾ। ਅਨੰਦ ਸੰਸਕਾਰ ਸਿੱਖ ਵਿਆਹ ਦੀ ਵਿਧੀ ਹੈ ਪਰ ਐਕਟ ਦਾ ਨਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ। ਅਕਾਲੀ ਦਲ ਵੱਲੋਂ ਹੁਣ ਤਾਜ਼ਾ ਬਿਆਨਾਂ ਰਾਹੀਂ ਸੰਵਿਧਾਨ ਦੀ ਧਾਰਾ 25ਬੀ ਵਿੱਚ ਸੋਧ ਦੀ ਗੱਲ ਤੋਰੀ ਗਈ ਹੈ। ਇਹ ਵਾਜਬ ਮੰਗ ਹੈ ਅਤੇ ਇਸ ਨੂੰ ਮੰਨਣ ਤੋਂ ਇਨਕਾਰ ਕਰਨ ਵਾਲੇ ਸਿੱਖ ਕੌਮ ਨਾਲ ਪੱਖਪਾਤ ਕਰਦੇ ਹਨ। ਅਕਾਲੀ ਦਲ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜ੍ਹਦੀ, ਇਸ ਲਈ ਧਾਰਾ 25ਬੀ ਵਿੱਚ ਸੋਧ ਦਾ ਮੁੱਦਾ ਆਪਣੇ ਭਾਈਵਾਲਾਂ ਪਾਸੋਂ ਪੂਰਾ ਕਰਵਾਉਣ ਲਈ ਕੇਵਲ ਬਿਆਨਾਂ ਤੱਕ ਸੀਮਤ ਨਾ ਰਿਹਾ ਜਾਵੇ ਸਗੋਂ ਸੰਜੀਦਾ ਯਤਨ ਕਰਕੇ ਇਸ ਮੰਗ ਨੂੰ ਪੂਰਾ ਕਰਵਾਇਆ ਜਾਵੇ।
ਭਾਈ ਹਰਦੀਪ ਸਿੰਘ ਨੇ ਕਿਹਾ ਕਿ ਵੈਂਕਟਚਲਈਆ ਕਮਿਸ਼ਨ ਵੱਲੋਂ ਧਾਰਾ 25-ਬੀ ਵਿੱਚ ਸੋਧ ਦੇ ਹੱਕ ਵਿੱਚ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਤਜਵੀਜ਼ ਦਿੱਤੀ ਜਾ ਚੁੱਕੀ ਹੈ। ਇਸ ਲਈ ਇਹ ਮੰਗ ਹੋਰ ਅੱਗੇ ਠੰਢੇ ਬਸਤੇ ਨਹੀਂ ਪਾਈ ਜਾਣੀ ਚਾਹੀਦੀ। ਜੇਕਰ ਭਾਜਪਾ ਸਿੱਖ ਪਛਾਣ ਸਬੰਧੀ ਧਾਰਾ 25ਬੀ ਵਿੱਚ ਸਿੱਖ ਭਾਵਨਾ ਮੁਤਾਬਕ ਤਬਦੀਲੀ ਨਹੀਂ ਕਰਦੀ, ਤਾਂ ਅਕਾਲੀ ਦਲ ਨੂੰ ਰਾਜਸੀ ਝਾਕ ਛੱਡ ਕੇ ਭਾਜਪਾ ਨਾਲ ਆਪਣੇ ਸਬੰਧ ਖ਼ਤਮ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਹੁਗਿਣਤੀ ਕੌਮ ਦੇ ਨੁਮਾਇੰਦਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਸਿੱਖ ਕੌਮ ਦੀ ਵੱਖਰੀ ਧਾਰਮਿਕ ਵਿਚਾਰਧਾਰਾ, ਵੱਖਰੀ ਪਛਾਣ ਅਤੇ ਵੱਖਰੇ ਸਭਿਆਚਾਰ ਨੂੰ ਮਾਨਤਾ ਦੇਣ ਨਾਲ ਬੇਗਾਨਗੀ ਦੀ ਭਾਵਨਾ ਦੂਰ ਹੋਵੇਗੀ ਅਤੇ ਆਪਸੀ ਸਮਾਜਿਕ ਸਦਭਾਵਨਾ ਵਿੱਚ ਵਾਧਾ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ ਮਾਰਕੀਟ ਦੇ ਮੁੱਖ …