ਨੌਜਵਾਨ ਦੀਆਂ ਉਂਗਲਾਂ ਵੱਢਣ ਦਾ ਮਾਮਲਾ: ਨਾਜਾਇਜ਼ ਅਸਲਾ ਤੇ ਦਾਤ ਸਣੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਮੁਹਾਲੀ ਦੇ ਇੱਕ ਨੌਜਵਾਨ ਹਰਦੀਪ ਸਿੰਘ ਦੇ ਹੱਥ ਦੀਆਂ ਚਾਰ ਉਂਗਲਾਂ ਵੰਡਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਯਾਦਵਿੰਦਰ ਸਿੰਘ ਉਰਫ਼ ਘੋੜਾ ਉਰਫ਼ ਵਿੱਕੀ ਵਾਸੀ ਦਸਮੇਸ਼ ਨਗਰ, ਖਰੜ ਅਤੇ ਪੁਨੀਤ ਸਿੰਘ ਉਰਫ਼ ਗੋਲਾ ਉਰਫ਼ ਹੈਰੀ ਵਾਸੀ ਨਿਊ ਮਥਰਾ ਕਲੋਨੀ (ਪਟਿਆਲਾ) ਨੂੰ ਨਾਜਾਇਜ਼ ਅਸਲਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਦਾਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੁਲਜ਼ਮ ਗੌਰਵ ਸ਼ਰਮ ਉਰਫ਼ ਗੋਰੀ ਵਾਸੀ ਬੜਮਾਜਰਾ ਅਤੇ ਤਰੁਣ ਵਾਸੀ ਸੰਜੇ ਕਲੋਨੀ ਨੇੜੇ ਮਹਿੰਦਰਾ ਕਾਲਜ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜੋ ਇਸ ਸਮੇਂ ਪੁਲੀਸ ਰਿਮਾਂਡ ’ਤੇ ਹਨ। ਮੁਲਜ਼ਮ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਮਿਤੀ 09-02-2023 ਅ/ਧ ਧਾਰਾ 326/365/34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਇਸ ਦੌਰਾਨ ਪੁਲੀਸ ਨੇ ਇਸ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਯਾਦਵਿੰਦਰ ਸਿੰਘ ਉਰਫ਼ ਘੋੜਾ ਉਰਫ਼ ਵਿੱਕੀ ਵਾਸੀ ਦਸਮੇਸ਼ ਨਗਰ, ਖਰੜ ਅਤੇ ਪੁਨੀਤ ਸਿੰਘ ਉਰਫ਼ ਗੋਲਾ ਉਰਫ਼ ਹੈਰੀ ਵਾਸੀ ਨਿਊ ਮਥਰਾ ਕਲੋਨੀ (ਪਟਿਆਲਾ) ਨੂੰ ਇੱਕ ਨਾਜਾਇਜ਼ ਪਿਸਤੌਲ ਅਤੇ ਇੱਕ ਤੇਜ਼ਧਾਰ ਦਾਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੇ ਇਸੇ ਦਾਤ ਨਾਲ ਪੀੜਤ ਨੌਜਵਾਨ ਦੀਆਂ ਉਂਗਲਾਂ ਵੱਢੀਆਂ ਸਨ। ਉਕਤ ਮੁਲਜ਼ਮਾਂ ਖ਼ਿਲਾਫ਼ ਸਦਰ ਥਾਣਾ ਅੰਬਾਲਾ ਵਿੱਚ ਇਰਾਦਾਏਕਤਲ ਦਾ ਕੇਸ ਦਰਜ ਕੀਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੁਣ ਤੱਕ ਚਾਰ ਪਿਸਤੌਲ, 13 ਕਾਰਤੂਸ, ਇੱਕ ਤੇਜ਼ਧਾਰ ਖੰਡਾ, ਇੱਕ ਤੇਜ਼ਧਾਰ ਦਾਤ, ਇੱਕ ਸਵਿੱਫ਼ਟ ਕਾਰ ਤੇ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਤਰੁਣ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਸਾਲ ਮਦਨਪੁਰਾ ਚੌਂਕ ਮੁਹਾਲੀ ਵਿੱਚ ਫਾਇਰਿੰਗ ਕੀਤੀ ਗਈ ਸੀ। ਇਸ ਸਬੰਧੀ ਉਸ ਦੇ ਖ਼ਿਲਾਫ਼ 12 ਦਸੰਬਰ 2022 ਨੂੰ ਧਾਰਾ 323,336,341,307,506,148,149 ਅਤੇ ਅਸਲਾ ਐਕਟ ਤਹਿਤ ਥਾਣਾ ਫੇਜ਼-1 ਵਿੱਚ ਪਰਚਾ ਦਰਜ ਕੀਤਾ ਗਿਆ ਸੀ। ਇੰਜ ਹੀ ਕੁੱਝ ਦਿਨ ਪਹਿਲਾਂ ਉਕਤ ਚਾਰੇ ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਮਿਲ ਕੇ ਪਿੰਡ ਝਿੱਲ (ਪਟਿਆਲਾ) ਵਿੱਚ ਫਾਇਰਿੰਗ ਕੀਤੀ ਸੀ। ਮੁਲਜ਼ਮ ਖ਼ਿਲਾਫ਼ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਖ਼ਿਲਾਫ਼ ਹੋਰ ਵੱਖ-ਵੱਖ ਥਾਣਿਆਂ ਵਿੱਚ ਪਰਚੇ ਦਰਜ ਹਨ।
ਪੀੜਤ ਹਰਦੀਪ ਦੇ ਦੱਸਣ ਅਨੁਸਾਰ ਉਕਤ ਵਿਅਕਤੀਆਂ ਨੇ ਬੀਤੀ 9 ਫਰਵਰੀ ਨੂੰ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਅਤੇ ਅੱਗੇ ਗੋਰੀ ਉਨ੍ਹਾਂ ਨਾਲ ਮਿਲ ਗਿਆ। ਉਹ ਉਸ ਨੂੰ ਪਿੰਡ ਬੜਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਲੈ ਗਏ। ਜਿੱਥੇ ਗੋਰੀ ਦੇ ਭਰਾ ਬੰਟੀ ਦਾ ਪਿਛਲੇ ਸਾਲ ਕਤਲ ਕੀਤਾ ਗਿਆ ਸੀ। ਪੀੜਤ ਨੌਜਵਾਨ ਅਨੁਸਾਰ ਉਹ ਮ੍ਰਿਤਕ ਬੰਟੀ ਦਾ ਜਾਣਕਾਰ ਸੀ ਅਤੇ ਗੋਰੀ ਨੂੰ ਇਹ ਸੰਕਾ ਸੀ ਕਿ ਬੰਟੀ ਦੇ ਕਤਲ ਵਿੱਚ ਉਸਦਾ ਰੋਲ ਸੀ। ਇਸ ਲਈ ਮੁਲਜ਼ਮਾਂ ਨੇ ਬੜੀ ਬੇਰਹਿਮੀ ਨਾਲ ਉਸ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ ਸੀ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…