ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ, 4 ਦਿਨ ਲਾਸ਼ ਕੋਲ ਹੀ ਸੌਂਦਾ ਰਿਹਾ ਬੀਮਾਰ ਪਿਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਇੱਥੋਂ ਦੇ ਫੇਜ਼-1 ਵਿੱਚ ਆਪਣੇ ਬਜ਼ੁਰਗ ਪਿਤਾ ਨਾਲ ਰਹਿੰਦੇ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (35) ਪੁੱਤਰ ਬਲਵੰਤ ਸਿੰਘ (82) ਵਜੋਂ ਹੋਈ ਹੈ। ਪੁਲੀਸ ਅਨੁਸਾਰ ਨੌਜਵਾਨ ਦੀ ਮੌਤ 3-4 ਦਿਨ ਪਹਿਲਾਂ ਹੋਈ ਜਾਪਦੀ ਹੈ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਘਰ ’ਚੋਂ ਬਦਬੂ ਆਉਣ ’ਤੇ ਗੁਆਂਢੀਆਂ ਨੇ ਪੀੜਤ ਪਰਿਵਾਰ ਦੇ ਕਿਸੇ ਜਾਣਕਾਰ ਨੂੰ ਮੌਕੇ ’ਤੇ ਸੱਦਿਆ।
ਪਿਛਲੇ ਕਈ ਦਿਨਾਂ ਤੋਂ ਗੁਆਂਢੀਆਂ ਨੇ ਪਿਊ-ਪੁੱਤ ਨੂੰ ਘਰ ਤੋਂ ਬਾਹਰ ਅਤੇ ਅੰਦਰ ਆਉਂਦੇ ਜਾਂਦੇ ਨਹੀਂ ਦੇਖਿਆ। ਅੱਜ ਘਰ ’ਚੋਂ ਬਾਹਰ ਦੂਰ ਤੱਕ ਬਦਬੂ ਆਉਣ ’ਤੇ ਗੁਆਂਢੀਆਂ ਨੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੂੰ ਫੋਨ ’ਤੇ ਜਾਣਕਾਰੀ ਦਿੱਤੀ ਅਤੇ ਉਹ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਗਏ ਅਤੇ ਦੇਖਿਆ ਕਿ ਘਰ ਵਿੱਚ ਸੁਖਵਿੰਦਰ ਸਿੰਘ ਦੀ ਲਾਸ਼ ਪਈ ਹੈ ਅਤੇ ਉੱਥੇ ਨੇੜੇ ਹੀ ਉਸ ਦਾ ਬਜ਼ੁਰਗ ਪਿਤਾ ਬਲਵੰਤ ਸਿੰਘ ਬੇਹੋਸ਼ੀ (ਬੇਸੁੱਧ) ਦੀ ਹਾਲਤ ਵਿੱਚ ਮਿਲਿਆ। ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਪਰਿਵਾਰ ਦੇ ਨਜ਼ਦੀਕੀ ਜਾਣਕਾਰਾਂ ਦੀ ਮਦਦ ਨਾਲ ਮ੍ਰਿਤਕ ਨੌਜਵਾਨ ਦੇ ਬਜ਼ੁਰਗ ਪਿਤਾ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਬਜ਼ੁਰਗ ਨੂੰ ਹੋਸ਼ ਆ ਗਿਆ। ਬਜ਼ੁਰਗ ਪਿਤਾ ਖ਼ੁਦ ਵੀ ਕਾਫ਼ੀ ਬੀਮਾਰ ਹੈ, ਜੋ ਚਾਰ ਦਿਨ ਤੋਂ ਆਪਣੇ ਜਵਾਨ ਪੁੱਤ ਦੀ ਲਾਸ਼ ਨਾਲ ਹੀ ਸੌਂਦਾ ਰਿਹਾ ਹੈ। ਦੱਸਿਆ ਗਿਆ ਹੈ ਕਿ ਇਸ ਪਰਿਵਾਰ ਦਾ ਆਪਣੇ ਗੁਆਂਢੀਆਂ ਨਾਲ ਬਹੁਤਾ ਤਾਲਮੇਲ ਨਾ ਹੋਣ ਕਾਰਨ ਕੋਈ ਆਉਂਦਾ ਜਾਂਦਾ ਨਹੀਂ ਸੀ।
ਇਸ ਪਰਿਵਾਰ ਦੇ ਫੇਜ਼-4 ਵਿੱਚ ਰਹਿੰਦੇ ਰਿਸ਼ਤੇਦਾਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਅਸਲ ਵਿੱਚ ਬਲਵੰਤ ਸਿੰਘ ਦੀ ਸਾਲੀ ਬੇਅੰਤ ਕੌਰ ਦਾ ਬੇਟਾ ਹੈ, ਜਿਸ ਨੂੰ ਬਲਵੰਤ ਸਿੰਘ ਨੇ ਆਪਣੀ ਸਾਲੀ ਤੋਂ ਉਦੋਂ ਹੀ ਗੋਦ ਲੈ ਲਿਆ ਸੀ ਜਦੋਂ ਸੁਖਵਿੰਦਰ ਮਹਿਜ਼ ਤਿੰਨ ਕੁ ਸਾਲ ਦਾ ਸੀ। ਸੁਖਵਿੰਦਰ ਦਾ ਪਾਲਣ-ਪੋਸ਼ਣ ਬਲਵੰਤ ਸਿੰਘ ਨੇ ਕੀਤਾ ਹੈ। ਬਲਵੰਤ ਸਿੰਘ ਟੈਲੀਫ਼ੋਨ ਵਿਭਾਗ ਤੋਂ ਸੇਵਾਮੁਕਤ ਹਨ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਮਾੜੀ ਮੋਟੀ ਡਰਾਇਵਰੀ ਕਰ ਲੈਂਦਾ ਸੀ ਅਤੇ ਦੋਵੇਂ ਜਣੇ ਬਾਹਰੋਂ ਰੋਟੀ ਲਿਆ ਕੇ ਖਾ ਲੈਂਦੇ ਸਨ। ਸੁਖਵਿੰਦਰ ਦੀ ਮੌਤ ਦੇ ਅਸਲ ਕਾਰਨਾਂ ਦਾ ਨਹੀਂ ਲੱਗ ਸਕਿਆ ਹੈ। ਉਧਰ, ਪੁਲੀਸ ਅਨੁਸਾਰ ਮ੍ਰਿਤਕ ਨੌਜਵਾਨ ਦਾ ਪਿਤਾ ਬਲਵੰਤ ਸਿੰਘ ਹਾਲੇ ਵੀ ਬੇਸੁੱਧ ਹੈ। ਉਸ ਦੇ ਚੰਗੀ ਤਰ੍ਹਾਂ ਹੋਸ ਵਿੱਚ ਆਉਣ ਤੋਂ ਬਾਅਦ ਹੀ ਪੂਰੀ ਗੱਲ ਦਾ ਪਤਾ ਲੱਗ ਸਕੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…