
ਸ਼ਹਿਰ ਵਿੱਚ ਸਮਾਂ ਪੁਗਾ ਚੁੱਕੇ ਦਰੱਖਤਾਂ ਦੀ ਕਟਾਈ ਤੇ 25 ਫੁੱਟ ਤੱਕ ਛੰਗਾਈ ਕਰਨ ਦੀ ਮੰਗ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਬਹੁਤ ਉੱਚੇ ਅਤੇ ਪੁਰਾਣੇ ਹੋ ਚੁੱਕੇ ਦਰਖ਼ਤਾਂ ਦਾ ਬੰਦੋਬਸਤ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹਨੇਰੀ ਦੇ ਮੌਸਮ ਵਿੱਚ ਹਰ ਵਾਰ ਹੀ ਵੱਡੀ ਗਿਣਤੀ ਵਿੱਚ ਦਰਖਤ ਡਿੱਗ ਰਹੇ ਹਨ ਅਤੇ ਇਸ ਨਾਲ ਜਾਨ ਮਾਲਾ ਦਾ ਖਤਰਾ ਪੈਦਾ ਹੁੰਦਾ ਹੈ ਅਤੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਅਜਿਹੇ ਦਰਖ਼ਤ ਕਦੇ ਗੱਡੀਆਂ ’ਤੇ ਡਿੱਗਦੇ ਹਨ ਅਤੇ ਕਦੇ ਲੋਕਾਂ ਦੇ ਮਕਾਨਾਂ ਦਾ ਨੁਕਸਾਨ ਕਰਦੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਖੁਸ਼ਕਿਸਮਤੀ ਹੈ ਕਿ ਹਾਲੇ ਤੱਕ ਦਰਖ਼ਤਾਂ ਦੇ ਡਿਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅਜਿਹਾ ਜਾਪਦਾ ਹੈ ਕਿ ਸਰਕਾਰ ਅਜਿਹੀ ਕਿਸੇ ਘਟਨਾ ਦੀ ਉਡੀਕ ਵਿੱਚ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲਗਭਗ ਸਾਰੇ ਹੀ ਪੁਰਾਣੇ ਸੈਕਟਰਾਂ ਅਤੇ ਫੇਜ਼ਾਂ ਵਿੱਚ ਪੁਰਾਣੇ ਦਰਖ਼ਤਾਂ ਦੀ ਉਚਾਈ 45-60 ਫੁੱਟ ਤੱਕ ਹੋ ਚੁੱਕੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਦਰਖ਼ਤ ਅੰਦਰੋਂ ਖੋਖਲੇ ਹੋ ਚੁੱਕੇ ਹਨ ਅਤੇ ਜਦੋਂ ਇਹ ਡਿੱਗਦੇ ਹਨ ਤਾਂ ਵੱਡਾ ਨੁਕਸਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਅਜਿਹੇ ਦਰਖ਼ਤ ਬਿਜਲੀ ਦੀਆਂ ਤਾਰਾਂ ’ਚੋਂ ਦੀ ਲੰਘਦੇ ਹਨ ਅਤੇ ਜਦੋਂ ਇਨ੍ਹਾਂ ਦਰਖ਼ਤਾਂ ਦੇ ਟਾਹਣੇ ਟੁੱਟਦੇ ਹਨ ਜਾਂ ਇਹ ਦਰਖ਼ਤ ਡਿਗਦੇ ਹਨ ਤਾਂ ਕਈ ਕਈ ਘੰਟੇ ਬਿਜਲੀ ਦੀ ਸਪਲਾਈ ਪ੍ਰਭਾਵਤ ਹੁੰਦੀ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਮੁਹਾਲੀ ਦੇ ਵਸਨੀਕ ਰਹੇ ਹਨ ਅਤੇ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਮੁਹਾਲੀ ਦੇ ਜ਼ਿਆਦਾਤਰ ਪਾਰਕਾਂ ਅਤੇ ਸੜਕਾਂ ਉੱਤੇ ਉੱਚੇ ਉੱਚੇ ਦਰਖਤ ਲੱਗੇ ਹੋਏ ਹਨ। ਉਹਨਾਂ ਮੁੱਖ ਮੰਤਰੀ ਤੋੱ ਮੰਗ ਕੀਤੀ ਕਿ ਅਪਣਾ ਸਮਾ ਪੁਗਾ ਚੁੱਕੇ ਹਨ ਦਰਖ਼ਤਾਂ ਨੂੰ ਪੁਟਵਾ ਕੇ ਉਨ੍ਹਾਂ ਦੀ ਥਾਂ ਨਵੇਂ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਨਵੇਂ ਬੂਟੇ ਵੀ ਅਜਿਹੇ ਲਗਾਏ ਜਾਣ ਜਿਨ੍ਹਾਂ ਦੀ ਉਚਾਈ 30 ਫੁੱਟ ਤੋੱ ਉੱਤੇ ਨਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਉੱਚੇ ਹੋ ਚੁੱਕੇ ਦਰਖਤਾਂ ਦੀ ਉਚਾਈ ਸੀਮਤ ਕੀਤੀ ਜਾਵੇ ਅਤੇ 25 ਫੁੱਟ ਉਚਾਈ ਤੱਕ ਦਰਖਤਾਂ ਦੀ ਛੰਗਾਈ ਕਰਨ ਲਈ ਕੋਈ ਪ੍ਰਾਵਧਾਨ ਬਣਾਇਆ ਜਾਵੇ।
ਡਿਪਟੀ ਮੇਅਰ ਨੇ ਆਪਣੇ ਪੱਤਰ ਦੀਆਂ ਕਾਪੀਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਵੀ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਫੌਰੀ ਤੌਰ ਤੇ ਕੋਈ ਉਪਰਾਲਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹਨੇਰੀਆਂ ਨਾਲ ਜੇਕਰ ਦਰਖ਼ਤਾਂ ਦੇ ਡਿੱਗਣ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।