ਸਿਆਸੀ ਬਦਲਾਖੋਰੀ ਤਹਿਤ ਦਰਜ ਸਾਰੇ ਝੂਠੇ ਕੇਸ ਰੱਦ ਕਰਨ ਦੀ ਮੰਗ, ਮਾਮਲਾ ਮੁੱਖ ਮੰਤਰੀ ਕੋਲ ਪੁੱਜਾ

ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦਿੱਤੀ ਝੂਠੇ ਕੇਸਾਂ ਜਾਣਕਾਰੀ

ਨਬਜ਼-ਏ-ਪੰਜਾਬ, ਮੁਹਾਲੀ, 10 ਅਗਸਤ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ ਮੁਹਾਲੀ ਹਲਕੇ ਵਿੱਚ ਕਥਿਤ ਸਿਆਸੀ ਬਦਲਾਖੋਰੀ ਤਹਿਤ ਸਿਆਸੀ ਵਿਰੋਧੀਆਂ ਖ਼ਿਲਾਫ਼ ਕੀਤੇ ਗਏ ਅਤੇ ਕਰਵਾਏ ਜਾ ਰਹੇ ਝੂਠੇ ਪਰਚੇ ਫੌਰੀ ਰੱਦ ਕੀਤੇ ਜਾਣ। ਇਸ ਸਬੰਧੀ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਉਨ੍ਹਾਂ (ਸਿੱਧੂ) ਦੇ ਹਮਾਇਤੀਆਂ ਵਿਰੁੱਧ ਪੁਲੀਸ ਵੱਲੋਂ ਸਿਆਸੀ ਦਬਾਅ ਹੇਠ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਸ੍ਰੀ ਸਿੱਧੂ ਨੇ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਲਿਖਿਆ ‘‘ਤੁਸੀਂ ਵਾਰ-ਵਾਰ ਮੀਡੀਆ ਰਾਹੀਂ ਇਹ ਬਿਆਨ ਦਿੰਦੇ ਆ ਰਹੇ ਹੋ ਕਿ ਆਪ ਸਰਕਾਰ ਸਿਆਸੀ ਬਦਲਾਖੋਰੀ ਵਿੱਚ ਵਿਸ਼ਵਾਸ ਨਹੀਂ ਰੱਖਦੀ, ਇਸ ਲਈ ਕਿਸੇ ਨਾਲ ਵੀ ਸਿਆਸੀ ਆਧਾਰ ’ਤੇ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਵਿਰੁੱਧ ਝੂਠਾ ਪਰਚਾ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਕਹਿਣ ਅਤੇ ਸੁਣਨ ਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਪਰ ਸਚਾਈ ਇਸ ਤੋਂ ਬਿਲਕੁਲ ਉਲਟ ਹੈ।’’
ਉਨ੍ਹਾਂ ਕਿਹਾ, ‘ਹਲਕਾ ਵਿਧਾਨ ਸਭਾ ਮੁਹਾਲੀ ਵਿਚ ਤੁਹਾਡੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਸ਼ਹਿ ਉੱਤੇ ਪੁਲੀਸ ਵੱਲੋਂ ਮੇਰੇ ਨਾਲ ਸਿਆਸੀ ਸਬੰਧ ਰੱਖਣ ਵਾਲੇ ਪੰਚਾਂ-ਸਰਪੰਚਾਂ ਅਤੇ ਮੇਰੀ ਪਾਰਟੀ ਦੇ ਵਰਕਰਾਂ ਵਿਰੁੱਧ ਧੜਾ ਧੜ ਝੂਠੇ ਪਰਚੇ ਕੀਤੇ ਜਾ ਰਹੇ ਹਨ।ਉਨ੍ਹਾਂ ਦੀ ਕਿਸੇ ਵੀ ਪੱਧਰ ਉੱਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਸ ਲਈ ਮਜਬੂਰ ਹੋ ਕੇ ਮੈਨੂੰ ਤੁਹਾਨੂੰ ਇਹ ਪੱਤਰ ਲਿਖਣਾ ਪੈ ਰਿਹਾ ਹੈ।’’
ਸ੍ਰੀ ਸਿੱਧੂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮੁਹਾਲੀ ਦੇ ਵੱਖ-ਵੱਖ ਥਾਣਿਆਂ ਵਿੱਚ ਜਿਹੜੇ ਵਿਅਕਤੀਆਂ ਵਿਰੁੱਧ ਝੂਠੇ ਪਰਚੇ ਦਰਜ ਕਰਵਾਏ ਗਏ ਹਨ, ਉਨ੍ਹਾਂ ਵਿੱਚ ਦਵਿੰਦਰ ਸਿੰਘ ਸਰਪੰਚ ਪਿੰਡ ਕੁਰੜਾ, ਮਨਫੂਲ ਸਿੰਘ ਸਰਪੰਚ ਪਿੰਡ ਬੜੀ, ਰਮਨਦੀਪ ਸਿੰਘ ਸਰਪੰਚ ਪਿੰਡ ਸਫੀਪੁਰ, ਹਰਜੀਤ ਸਿੰਘ ਸਰਪੰਚ ਰੁੜਕਾ, ਰਾਜਵੀਰ ਕੌਰ ਸਰਪੰਚ ਚੱਪੜਚਿੜੀ ਖ਼ੁਰਦ ਅਤੇ ਗੁਰਦੀਪ ਸਿੰਘ ਸਰਪੰਚ ਦੈੜੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੋਹਨ ਸਿੰਘ, ਸਰਪੰਚ ਪਿੰਡ ਰਾਏਪੁਰ ਦਾਊਂ ਸਮੇਤ ਦੋ ਪੰਚ ਅੌਰਤ, ਮਹਿੰਦਰ ਸਿੰਘ ਤੇ ਕਮਲਪ੍ਰੀਤ ਸਿੰਘ ਪਿੰਡ ਤੰਗੋਰੀ, ਬਚਨ ਸਿੰਘ ਪੰਚ ਪਿੰਡ ਪਾਪੜੀ ਅਤੇ ਮੋਹਨ ਸਿੰਘ, ਠੇਕੇਦਾਰ ਪਿੰਡ ਬਠਲਾਣਾ ਖ਼ਿਲਾਫ਼ ਵੀ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਸਿਆਸੀ ਬਦਲਾਖੋਰੀ ਦੀ ਮੰਦਭਾਵਨਾ ਨਾਲ ਕਰਵਾਏ ਜਾ ਰਹੇ ਇਨ੍ਹਾਂ ਝੂਠੇ ਪਰਚਿਆਂ ਵਿੱਚ ਅੌਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ।
ਭਾਜਪਾ ਆਗੂ ਨੇ ਮੰਗ ਕੀਤੀ ਕਿ ਸਿਆਸੀ ਬਦਲਾਖੋਰੀ ਤਹਿਤ ਦਰਜ ਕਰਵਾਏ ਗਏ ਇਨ੍ਹਾਂ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਵਿਰੁੱਧ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਬਿਨਾ ਮੁਹਾਲੀ ਹਲਕੇ ਤੋਂ ਤੁਹਾਡੀ ਪਾਰਟੀ ਦੇ ਵਿਧਾਇਕ ਨੂੰ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਵਾਉਣ ਤੋਂ ਸਖ਼ਤੀ ਨਾਲ ਵਰਜਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚਿਆਂ ਦਾ ਸਿਲਸਿਲਾ ਨਾ ਰੋਕਿਆ ਗਿਆ ਤਾਂ ਇਲਾਕੇ ਦਾ ਮਾਹੌਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ ਅਤੇ ਪੈਦਾ ਹੋਏ ਹਾਲਾਤਾਂ ਲਈ ਹਲਕਾ ਵਿਧਾਇਕ ਅਤੇ ਪੁਲੀਸ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…