
ਚੱਪੜਚਿੜੀ ਜੰਗੀ ਯਾਦਗਾਰ ਵਿਖੇ ਸੈਰ ਸਪਾਟਾ ਸਮਿੱਟ ਕਰਵਾਉਣ ਦੀ ਮੰਗ ਨੇ ਜ਼ੋਰ ਫੜਿਆ
328 ਫੁੱਟ ਉੱਚੀ ਫਤਿਹ ਮੀਨਾਰ ਨੂੰ ਹੁਣ ਤੱਕ ਨਹੀਂ ਜੁੜੀ ਲਿਫ਼ਟ
ਫਤਿਹ ਮੀਨਾਰ ਤੇ ਪਿੰਡ ਦੀ ਲਿੰਕ ਸੜਕ ਦੀ ਹਾਲਤ ਤਰਸਯੋਗ, ਰਾਹਗੀਰ ਤੇ ਸ਼ਰਧਾਲੂ ਪ੍ਰੇਸ਼ਾਨ
ਦਰਸ਼ਨ ਸਿੰਘ ਸੋਢੀ/ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਅਗਸਤ:
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਜੰਗੀ ਯਾਦਗਾਰ ਵਿਖੇ ਸੈਰ ਸਪਾਟਾ ਸਮਿੱਟ ਕਰਵਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ 11 ਤੋਂ 13 ਸਤੰਬਰ ਤੱਕ ਕਰਵਾਈ ਜਾ ਰਹੀ ਸੈਰ ਸਪਾਟਾ ਸਮਿੱਟ ਕਰਵਾਈ ਜਾ ਰਹੀ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਤੋਂ ਮੰਗ ਕੀਤੀ ਕਿ ਸੈਰ ਸਪਾਟਾ ਸਮਿੱਟ ਚੱਪੜਚਿੜੀ ਜੰਗੀ ਯਾਦਗਾਰ ਵਿਖੇ ਕਾਰਵਾਈ ਜਾਵੇ।
ਇਸ ਸਬੰਧੀ ਡਿਪਟੀ ਮੇਅਰ ਨੇ ਸੈਰ ਸਪਾਟਾ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਇਹ ਯਾਦਗਾਰ ਖ਼ਾਲਸਾ ਰਾਜ ਦਾ ਮੁੱਢ ਬੰਨ੍ਹੇ ਜਾਣ ਦਾ ਪ੍ਰਤੀਕ ਹੈ। ਇੱਥੇ ਸੈਰ ਸਪਾਟਾ ਸਮਿੱਟ ਕਰਵਾਏ ਜਾਣ ਨਾਲ ਨਾ ਸਿਰਫ਼ ਪੰਜਾਬ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਸਗੋਂ ਵੱਡੇ ਪੱਧਰ ’ਤੇ ਆਮ ਲੋਕਾਂ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਫ਼ਲਸਫ਼ੇ ਅਤੇ ਖ਼ਾਲਸਾ ਰਾਜ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੰਗੀ ਯਾਦਗਾਰ ਪਹੁੰਚ ਸੜਕ ਅਤੇ ਚੱਪੜਚਿੜੀ ਲਿੰਕ ਸੜਕ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਜਿਸ ਕਾਰਨ ਰਾਹਗੀਰਾਂ ਅਤੇ ਸ਼ਰਧਾਲੂਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਚੱਪੜਚਿੜੀ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਜੰਗੀ ਯਾਦਗਾਰੀ ਬਾਰੇ ਜਾਣਕਾਰੀ ਅਤੇ ਦਿਸ਼ਾ ਦੱਸਣ ਵਾਲੇ ਬੋਰਡ ਲਗਾਏ ਜਾਣ।
ਕੁਲਜੀਤ ਬੇਦੀ ਨੇ ਕਿਹਾ ਕਿ ਜੰਗੀ ਯਾਦਗਾਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣ ਅਤੇ 328 ਫੁੱਟ ਉੱਚੀ ਫਤਿਹ ਮੀਨਾਰ ਨੂੰ ਲਿਫ਼ਟ ਲਗਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਲਿਫ਼ਟ ਲਈ ਪ੍ਰੋਵੀਜ਼ਨ ਤਾਂ ਬਣਾਇਆ ਗਿਆ ਹੈ ਅਤੇ ਲਿਫ਼ਟ ਵੀ ਖਰੀਦੀ ਹੋਈ ਹੈ ਪਰ ਹੁਣ ਤੱਕ ਲਿਫ਼ਟ ਨਹੀਂ ਲੱਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਕਾਫ਼ੀ ਜ਼ਮੀਨ ਖਾਲੀ ਪਈ ਹੈ। ਜਿਸ ਨੂੰ ਖ਼ੂਬਸੂਰਤ ਪਾਰਕ ਅਤੇ ਸ਼ਹੀਦੀ ਬਾਗ ਵਜੋਂ ਵਿਕਸਤ ਕੀਤਾ ਜਾਵੇ ਤਾਂ ਜੋ ਇਹ ਖੇਤਰ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਜੰਗੀ ਯਾਦਗਾਰ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।