
ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ, ਡੇਂਗੂ ਮਰੀਜ਼ਾਂ ਦੀ ਗਿਣਤੀ ਵਧ ਕੇ 636 ’ਤੇ ਪੁੱਜੀ, ਲੋਕ ਭੈਅਭੀਤ
ਐਸਡੀਐਮ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਬਲੌਂਗੀ ਵਿੱਚ ਘਰ ਘਰ ਜਾ ਕੇ ਕੀਤਾ ਸਰਵੇ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਦੇ ਪ੍ਰਕੋਪ ਨੂੰ ਠੱਲ੍ਹ ਨਾ ਪੈਣ ਕਾਰਨ ਲੋਕ ਭੈਅਭੀਤ ਹਨ। ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡ ਬਲੌਂਗੀ ਵਿੱਚ 40 ਵਿਅਕਤੀ ਡੇਂਗੂ ਤੋਂ ਪੀੜਤ ਮਿਲੇ ਹਨ। ਜਿਨ੍ਹਾਂ ਵਿੱਚ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਸਮੁੱਚੇ ਜ਼ਿਲ੍ਹੇ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 636 ’ਤੇ ਪਹੁੰਚ ਗਈ ਹੈ। ਹਾਲਾਂਕਿ ਸਿਹਤ ਵਿਭਾਗ ਡੇਂਗੂ ਦੀ ਬਿਮਾਰੀ ਨਾਲ ਨਜਿੱਠਣ ਲਈ ਵੱਡੇ ਪੱਧਰ ’ਤੇ ਦਾਅਵੇ ਕਰ ਰਿਹਾ ਹੈ ਅਤੇ ਇਸ ਸਬੰਧੀ ਸਰਕਾਰੀ ਹਸਪਤਾਲ ਵਿੱਚ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ ਅਤੇ ਦਵਾਈਆਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਦੇ ਬਾਵਜੂਦ ਡੇਂਗੂ ਪੀੜਤ ਮਰੀਜ਼ਾਂ ਦੇ ਮਾਮਲੇ ਵਿੱਚ ਮੁਹਾਲੀ ਪੰਜਾਬ ’ਚੋਂ ਪਹਿਲੇ ਨੰਬਰ ’ਤੇ ਹੈ।
ਉਧਰ, ਮੁਹਾਲੀ ਦੇ ਐਸਡੀਐਮ ਡਾ. ਆਰਪੀ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸੋਮਵਾਰ ਨੂੰ ਬਲੌਂਗੀ ਵਿੱਚ ਘਰ ਘਰ ਜਾ ਕੇ ਸਰਵੇ ਕੀਤਾ। ਇਸ ਦੌਰਾਨ ਅਧਿਕਾਰੀ ਬਲੌਂਗੀ ਵਿੱਚ ਫੈਲੀ ਗੰਦਗੀ ਅਤੇ ਪਲਾਸਟਿਕ ਦੇ ਡਰੰਮਾਂ ਵਿੱਚ ਪਾਣੀ ਖੜਾ ਦੇਖ ਕੇ ਦੰਗ ਰਹਿ ਗਏ। ਐਸਡੀਐਮ ਨੇ ਮੌਕੇ ’ਤੇ ਹੀ ਬੀਡੀਪੀਓ ਅਤੇ ਪੰਚਾਇਤ ਨੂੰ ਬਲੌਂਗੀ ਪਿੰਡ ਅਤੇ ਬਲੌਂਗੀ ਦੀਆਂ ਸਮੂਹ ਕਲੋਨੀਆਂ ਵਿੱਚ ਸਫ਼ਾਈ ਅਭਿਆਨ ਸ਼ੁਰੂ ਕਰਨ ਅਤੇ ਲੋਕਾਂ ਨੂੰ ਡੇਂਗੂ ਅਤੇ ਸਵਾਈਨ ਫਲੂ ਬਿਮਾਰੀ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਮੌਜੂਦ ਸਿਹਤ ਵਿਭਾਗ ਦੇ ਅਮਲੇ ਦਾ ਕਹਿਣਾ ਸੀ ਕਿ ਜ਼ਿਲ੍ਹਾ ਮੁਹਾਲੀ ਵਿੱਚ ਹੁਣ ਤੱਕ 1100 ਤੋਂ ਵੱਧ ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। ਜਿਨ੍ਹਾਂ ’ਚੋਂ ਐਤਵਾਰ ਸ਼ਾਮ ਤੱਕ 550 ਤੋਂ ਵੱਧ ਮਰੀਜ਼ਾਂ ਨੂੰ ਡੇਂਗੂ ਬੁਖ਼ਾਰ ਦੀ ਪੁਸ਼ਟੀ ਹੋਈ ਸੀ ਅਤੇ ਅੱਜ ਸੋਮਵਾਰ ਨੂੰ 50 ਹੋਰ ਡੇਂਗੂ ਦੇ ਨਵੇਂ ਮਰੀਜ਼ ਮਿਲੇ ਹਨ।
ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਬਲੌਂਗੀ ਦੇ 50 ਘਰਾਂ ਦਾ ਸਰਵੇ ਦੌਰਾਨ 10 ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ। ਸਰਵੇ ਦੌਰਾਨ 350 ਕੰਟੇਨਰਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ’ਚੋਂ 15 ਵਿੱਚ ਮੱਛਰ ਦਾ ਲਾਰਵਾ ਮਿਲਿਆ। ਜਦੋਂ ਕਿ ਸਰਵੇ ਟੀਮ ਨੂੰ ਬਲੌਂਗੀ ਵਿੱਚ 3 ਹੋਰ ਨਵੇਂ ਮਿਲੇ ਹਨ। ਮੁਹਾਲੀ ਦੀ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਤੋਂ ਲਗਾਤਾਰ ਡੇਂਗੂ ਅਤੇ ਸਵਾਈਨ ਫਲੂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ ਅਤੇ ਵਰਕਸ਼ਾਪਾਂ ਲਗਾਈਆਂ ਗਈਆਂ ਹਨ ਅਤੇ ਰੈਲੀਆਂ ਕੱਢੀਆਂ ਗਈਆਂ ਹਨ। ਇਸ ਤੋਂ ਇਲਾਵਾ ਐਂਟੀ ਡੇਂਗੂ ਟੀਮਾਂ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਘਰ-ਘਰ ਜਾ ਕੇ ਕੂਲਰਾਂ ਅਤੇ ਗਮਲਿਆਂ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਡੇਂਗੂ ਮੱਛਰ ਦੇ ਖ਼ਾਤਮੇ ਲਈ ਸਪਰੇਅ ਅਤੇ ਫੌਗਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 43 ਹਜ਼ਾਰ 124 ਘਰਾਂ ਦਾ ਸਰਵੇ ਕੀਤਾ ਗਿਆ ਹੈ। ਜਿਨ੍ਹਾਂ ’ਚੋਂ 5652 ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ।