
ਡਿਪਟੀ ਮੇਅਰ ਨੇ ਸਿਹਤ ਸਹੂਲਤਾਂ ਸਬੰਧੀ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹੀ, ਖੰਡਰ ਬਣੇ ਪ੍ਰਾਜੈਕਟ
ਸੈਕਟਰ-69 ਤੇ ਸੈਕਟਰ-79 ਵਿੱਚ ਅਧੂਰੀ ਡਿਸਪੈਂਸਰੀਆਂ ਦਾ ਕੰਮ ਅਧੂਰਾ
ਝੂਠੇ ਦਾਅਵੇ ਕਰਕੇ ਲੋਕਾਂ ਨੂੰ ਹੋਰ ਮੂਰਖ ਨਹੀਂ ਬਣਾ ਸਕਦੀ ਪੰਜਾਬ ਸਰਕਾਰ: ਕੁਲਜੀਤ ਬੇਦੀ
ਨਬਜ਼-ਏ-ਪੰਜਾਬ, ਮੁਹਾਲੀ, 18 ਅਗਸਤ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੇ ਸਿਹਤ ਸੇਵਾਵਾਂ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਦੇ ਸੈਕਟਰ-69 ਅਤੇ ਸੈਕਟਰ-79 ਵਿੱਚ ਨਵੀਆਂ ਬਣਨ ਵਾਲੀਆਂ ਡਿਸਪੈਂਸਰੀਆਂ ਦਾ ਕੰਮ ਅਧੂਰਾ ਪਿਆ ਹੈ ਅਤੇ ਸਰਕਾਰੀ ਅਣਦੇਖੀ ਦੇ ਚੱਲਦਿਆਂ ਇਹ ਪ੍ਰਾਜੈਕਟ ਖੰਡਰ ਬਣ ਕੇ ਰਹਿ ਗਏ ਹਨ। ਇੱਥੇ ਵੱਡੀ ਮਾਤਰਾ ਵਿੱਚ ਜੰਗਲੀ ਬੂਟੀ ਅਤੇ ਘਾਹ ਉੱਗੀ ਹੋਈ ਹੈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਦੱਸਿਆ ਕਿ ਇੰਜ ਹੀ ਪਿਛਲੀ ਕਾਂਗਰਸ ਸਰਕਾਰ ਸਮੇਂ ਫੇਜ਼-3ਬੀ1 ਦੀ ਡਿਸਪੈਂਸਰੀ ਨੂੰ ਅਪਗਰੇਡ ਕਰਕੇ ਹਸਪਤਾਲ ਬਣਾਇਆ ਗਿਆ ਸੀ ਪ੍ਰੰਤੂ ਪਿੱਛੇ ਜਿਹੇ ਸਰਕਾਰ ਨੇ ਸ਼ਹਿਰ ਵਾਸੀਆਂ ਤੋਂ ਇਹ ਸਹੂਲਤ ਵੀ ਖੋਹ ਲਈ ਹੈ। ਉਨ੍ਹਾਂ ਮੁਹੱਲਾ ਕਲੀਨਿਕਾਂ ਦੀ ਸਫਲਤਾ ਦੇ ਦਾਅਵਿਆਂ ਨੂੰ ਝੂਠਲਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਆਮ ਆਦਮੀ ਕਲੀਨਿਕਾਂ ਖੋਲ੍ਹ ਕੇ ਲੱਖ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਜਦੋਂਕਿ ਸਚਾਈ ਕੋਹਾਂ ਦੂਰ ਹੈ। ਜ਼ਿਲ੍ਹਾ ਪੱਧਰ ’ਤੇ ਸਰਕਾਰੀ ਹਸਪਤਾਲਾਂ ਸਮੇਤ 100 ਤੋਂ ਵੱਧ ਸਬ ਡਿਵੀਜ਼ਨ ਪੱਧਰ ਦੇ ਸਰਕਾਰੀ ਹਸਪਤਾਲ ਅਤੇ 1000 ਤੋਂ ਵੱਧ ਡਿਸਪੈਂਸਰੀਆਂ ਹਨ। ਇਸ ਤੋਂ ਇਲਾਵਾ ਚਾਰ ਮੈਡੀਕਲ ਕਾਲਜ ਹਨ। ਫਿਰ ਵੀ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ।
ਡਿਪਟੀ ਮੇਅਰ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਸਰਕਾਰ ਦੇ ਦਾਅਵਿਆਂ ਤੋਂ ਉਲਟ ਜ਼ਮੀਨੀ ਹਕੀਕਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ ਅਤੇ ਸਚਾਈ ਇਹ ਹੈ ਕਿ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਰਾਹੀਂ ਆਪਣਾ ਪ੍ਰਚਾਰ ਕਰਨ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਸੈਕਟਰ-69 ਅਤੇ 79 ਵਿਚਲੀਆਂ ਡਿਸਪੈਂਸਰੀਆਂ ਅਧੂਰੀਆਂ ਛੱਡਣ ਕਾਰਨ ਲੋਕ ਪ੍ਰੇਸ਼ਾਨ ਹਨ। ਇੱਥੇ ਲੋਕਾਂ ਨੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਵਾਈ ਗੱਲਾਂ ਕਰਨ ਦੀ ਥਾਂ ਗਰਾਉਂਡ ਜ਼ੀਰੋ ’ਤੇ ਕੰਮ ਕਰੇ। ਕੇਂਦਰ ਸਕੀਮ ’ਤੇ ਆਪਣਾ ਠੱਪਾ ਲਗਾਉਣ ਕਾਰਨ ਪੰਜਾਬ ਦੀ ਗਰਾਂਟ ਰੋਕੀ ਗਈ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਭਗਵੰਤ ਮਾਨ ਜੋ ਪਹਿਲਾਂ ਐਂਬੂਲੈਂਸਾਂ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਲੱਗਣ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ, ਹੁਣ ਪੰਜਾਬ ਦੇ ਲੋਕਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨ ਸੌੜੀ ਰਾਜਨੀਤੀ ਛੱਡ ਕੇ ਡਿਸਪੈਂਸਰੀਆਂ ਦੇ ਅਧੂਰੇ ਪਏ ਪ੍ਰਾਜੈਕਟ ਮੁਕੰਮਲ ਕਰਕੇ ਲੋਕਾਂ ਦੇ ਹਵਾਲੇ ਕਰਨ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ।